Welcome to Canadian Punjabi Post
Follow us on

14

August 2024
 
ਕੈਨੇਡਾ

ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ 'ਖ਼ੇਡ ਰਤਨ ਪੁਰਸਕਾਰ’ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ

August 11, 2024 08:11 PM

ਓਲੰਪਿਕ ਵਿਚ ਸਾਡੀ ਮਹਾਨ ਤੇ ਮਾਣਮੱਤੀ ਪਹਿਲਵਾਨ ਵਿਨੇਸ਼ ਫ਼ੋਗਾਟ ਨਾਲ ਜਿਵੇਂ ਗੰਦੀ ਸਿਆਸਤ ਖੇਡੀ ਗਈ ਤੇ ਉਹਨੂੰ 100 ਗਰਾਮ ਭਾਰ ਵੱਧ ਦੱਸ ਕੇ ਮੁਕਾਬਲੇ ਵਿਚੋਂ ਬਾਹਰ ਕਰ ਦਿੱਤਾ।।

ਇਸ ਬਾਰੇ ਮੈਂ ਕੁਝ ਘੰਟੇ ਪਹਿਲਾਂ ਹੇਠ ਲਿਖੀ ਪੋਸਟ ਫੇਸਬੁੱਕ ’ਤੇ ਸਾਂਝੀ ਕੀਤੀ ਸੀ।

… ਹਾਇ! ਜੇ ਮੇਰੇ ਵੱਸ ਵਿੱਚ ਹੋਵੇ ਤਾਂ ਮੈਂ ਵਿਨੇਸ਼ ਫ਼ੋਗਾਟ ਦੇ ਵਧੇ ਜਾਂ ਵਧਾਏ ਗਏ ਸੌ ਗਰਾਮ ਭਾਰ ਦੀ ਥਾਂ ਸੌ ਕਿਲੋਗਰਾਮ ਸੋਨਾ ਇਕੱਠਾ ਕਰ ਕੇ ਉਹਨੂੰ ਸੋਨੇ ਵਿੱਚ ਮੜ੍ਹ ਦਿਆਂ! ਲੋਕ ਚਾਹੁਣ ਤਾਂ ਇੰਝ ਵੀ ਹੋ ਸਕਦਾ ਏ ਨਾ!!!??? …

---

ਇਸ ਨੂੰ ਪੜ੍ਹ ਕੇ ਬਹੁਤ ਸਾਰੇ ਸੱਜਣਾ ਨੇ ਕਿਹਾ ਕਿ ਬੇਸ਼ੱਕ ਵਿਨੇਸ਼ ਫ਼ੋਗਾਟ ਦਾ ਲੋਕ-ਸਨਮਾਨ ਹੋਣਾ ਚਾਹੀਦਾ ਹੈ। ਉਹਨਾਂ ਵਿਚੋਂ ਦਿਲਾਵਰ ਚਾਹਲ ਹੁਰਾਂ ਨੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਤੇ ਹੋਰ ਵੀ ਕਈ ਸੱਜਣਾਂ ਨੇ ਬੜਾ ਸਾਰਥਕ ਹੁੰਗਾਰਾ ਦਿੰਦਿਆਂ ਇਸ ਵਿਚ ਆਪਣਾ ਹਿੱਸਾ ਪਾਉਣ ਦੀ ਇੱਛਾ ਸਾਂਝੀ ਕੀਤੀ। ਪਰ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ ਇਸ ਗੱਲ ਦਾ ਖ਼ੂਬਸੂਰਤ ਹੁੰਗਾਰਾ ਕੁਝ ਇਸ ਅੰਦਾਜ਼ ਵਿਚ ਭਰਿਆ:-

ਭਾਰਤ ਦੀ ਮਾਣਮੱਤੀ ਪਹਿਲਵਾਨ ਧੀ ਵਿਨੇਸ਼ ਫ਼ੋਗਾਟ ਨੇ ਜਿਵੇਂ ਇੱਕ ਦਿਨ ਵਿਚ ਹੀ ਦੁਨੀਆਂ ਦੇ ਸਿਖ਼ਰਲੇ ਡੰਡੇ ’ਤੇ ਪਹੁੰਚੀਆਂ ਤਿੰਨ ਪਹਿਲਵਾਨਾਂ (ਜਿਨ੍ਹਾਂ ਵਿਚ 82 ਜਿੱਤਾਂ ਜਿੱਤਣ ਵਾਲੀ ਜਪਾਨ ਦੀ ਸਾਬਕਾ ਉਲੰਪਿਕ ਜੇਤੂ ਖਿਡਾਰੀ ਵੀ ਸ਼ਾਮਲ ਹੈ) ਨੂੰ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕਰ ਕੇ ਮੈਡਲ ਪੱਕਾ ਕਰ ਲਿਆ ਸੀ, ਉਸ ਨੂੰ ਜਿਵੇਂ ਸੱਤਾ ਨੇ ਗੰਦੀ ਰਾਜਨੀਤਕ ਖੇਡ ਖੇਡਦਿਆਂ ਘਿਨੌਣੀ ਸਾਜਿਸ਼ ਦਾ ਸ਼ਿਕਾਰ ਬਣਾਇਆ ਤੇ ਸੌ ਗਰਾਮ ਭਾਰ ਵਧ ਜਾਣ/ ਵਧਾਏ ਜਾਣ ਕਾਰਨ ਕੁਸ਼ਤੀ ਲੜਨ ਤੋਂ ਅਵੈਧ ਕਰਾਰ ਕਰ ਦਿੱਤਾ ਗਿਆ, ਇਸ ਨਾਲ ਵਿਨੇਸ਼ ਫ਼ੋਗਾਟ ਦਾ ਹੀ ਨਹੀਂ, ਸਾਰੇ ਭਾਰਤ ਵਾਸੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਵਿਨੇਸ਼ ਫ਼ੋਗਾਟ ਦੇ ਨਾਲ ਹੀ ਸਾਰਾ ਭਾਰਤ ਨਮੋਸ਼ੀ ਤੇ ਦੁੱਖ ਦੀ ਡੂੰਘੀ ਖੱਡ ਵਿਚ ਡਿੱਗਾ ਮਹਿਸੂਸ ਕਰ ਰਿਹਾ ਹੈ। ਸੁਹਿਰਦ ਭਾਰਤ ਵਾਸੀ ਵਿਨੇਸ਼ ਦੇ ਅੱਥਰੂਆਂ ਦੀ ਸਿੱਲ੍ਹ ਆਪਣੀਆਂ ਅੱਖਾਂ ਵਿਚ ਮਹਿਸੂਸ ਕਰ ਰਹੇ ਹਨ। ਵਿਨੇਸ਼ ਨੂੰ ਹੁਣ ਇਸ ਵੇਲੇ ਸਭ ਤੋਂ ਵੱਧ ਆਪਣੇ ਲੋਕਾਂ ਦੇ ਪਿਆਰ, ਆਸ਼ੀਰਵਾਦ ਤੇ ਮੁਹੱਬਤੀ ਗਲਵੱਕੜੀ ਦੀ ਜ਼ਰੂਰਤ ਹੈ।

ਅਜਿਹੇ ਦੁੱਖ ਦੀ ਘੜੀ ਵਿਚ ਪੰਜਾਬੀ ਖੇਡ-ਲੇਖਣ ਦੇ ਭੀਸ਼ਮ ਪਿਤਾਮਾ ਤੇ ਪੰਜਾਬੀ ਵਾਰਤਕ ਦੇ ਉੱਚੇ ਬੁਰਜ ਵਜੋਂ ਜਾਣੇ ਜਾਂਦੇ ਬਹੁਤ ਵੱਡੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦਾ ਮਨ ਪਸੀਜਿਆ ਹੈ ਤੇ ਉਹਨਾਂ ਨੇ ਆਪਣੀ ਇਸ ਧੀ ਦੇ ਸਿਰ ਉੱਤੇ ਆਪਣਾ ਆਸ਼ੀਰਵਾਦੀ ਹੱਥ ਰੱਖ ਕੇ ਉਹਨੂੰ ਕੁਝ ਇਸ ਅੰਦਾਜ਼ ਵਿਚ ਹੌਸਲਾ ਤੇ ਪਿਆਰ ਦਿੱਤਾ ਹੈ। ਉਹਨਾਂ ਨੂੰ ਪੰਜਾਬ ਦੀ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡਾਂ ਹਕੀਮਪੁਰ ਵਿੱਚ 5 ਮਾਰਚ 2023 ਨੂੰ ਪੰਜਾਬੀ ਖੇਡ ਪ੍ਰਮੋਟਰਾਂ ਵੱਲੋਂ ਉਮਰ ਭਰ ਦੀਆਂ ਸਿੱਖਿਆ, ਸਾਹਿਤ, ਸਿਹਤ ਤੇ ਖੇਡ ਸੇਵਾਵਾਂ ਲਈ 'ਖੇਡ ਰਤਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਸਮੁੱਚੇ ਲੇਖਕ-ਜਗਤ ਵੱਲੋਂ ਆਪਣੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਮਿਲੇ ਸਵਾ ਦੋ ਤੋਲੇ ਸੋਨੇ ਦੇ ਗੋਲਡ ਮੈਡਲ ਨੂੰ ਆਪਣੀ ਇਸ ਮਾਣ-ਮੱਤੀ ਧੀ ਦੀ ਝੋਲੀ ਪਾ ਕੇ ਉਹਨੂੰ ਗਲ਼ ਨਾਲ ਲਾਉਣਗੇ।

ਇਸ ਮੌਕੇ ਪੰਜਬੀ ਖੇਡ ਜਗਤ ਦੇ ਇਸ ਬਾਬਾ ਬੋਹੜ ਨੇ ਇਹ ਵੀ ਕਿਹਾ ਕਿ ਵਿਨੇਸ਼ ਨੂੰ ਇਸ ਵੇਲੇ ਨਾ ਗੋਲਡ ਦੀ ਲੋੜ ਹੈ, ਨਾ ਪੈਸੇ ਦੀ। ਉਹਨੂੰ ਲੋੜ ਹੈ ਪਿਆਰ, ਧਰਵਾਸ ਅਤੇ ਆਸ਼ੀਰਵਾਦ ਦੀ। ਅੱਜ ਸਾਰਾ ਭਾਰਤ ਉਸ ਲਈ ਹਾਉਕੇ ਵੀ ਭਰ ਰਿਹਾ ਹੈ। ਉਹਦੇ ਨਾਲ ਮਿਲ ਕੇ ਖੂੰਨ ਦੇ ਅੱਥਰੂ ਵੀ ਰੋ ਰਿਹਾ ਹੈ। ਉਹਨਾਂ ਵੱਲੋਂ ਦਿੱਤੀ ਇਹ ਮਾਮੂਲੀ ਭੇਟ ਆਪਣੇ ਹੱਥਾਂ ਨਾਲ ਵਿਨੇਸ਼ ਦੇ ਅੱਥਰੂ ਪੂੰਝਣ ਦੀ ਨਿਮਾਣੀ ਜਿਹੀ ਕੋਸ਼ਿਸ਼ ਹੈ। ਉਹ ਉਮੀਦ ਕਰਦੇ ਹਨ ਕਿ ਹੋਰ ਭਾਰਤੀ ਨਿਸਚੈ ਹੀ ਖੁੱਲ੍ਹੀਆਂ ਬਾਹਵਾਂ ਨਾਲ ਆਪਣੇ ਆਪਣੇ ਅੰਦਾਜ਼ ਵਿਚ ਵਿਨੇਸ਼ ਨੂੰ ਗਲ਼ ਨਾਲ ਲਾ ਕੇ ਉਹਦੀ ਧਿਰ ਅਤੇ ਧਰਵਾਸ ਬਣ ਸਕਦੇ ਹਨ।

ਵਰਿਆਮ ਸਿੰਘ ਸੰਧੂ

 

(ਵਿਸ਼ੇਸ਼ ਨੋਟ:-ਮੇਰੀ ਪਿਛਲੀ ਪੋਸਟ ’ਤੇ ਜਨਾਬ ਦਿਲਾਵਰ ਚਾਹਲ ਜੀ ਨੇ ਲੱਖ ਰੁਪਿਆ ਦੇਣ ਦਾ ਐਲਾਨ ਕੀਤਾ ਸੀ। ਉਹਨਾਂ ਦੀ ਪੇਸ਼ਗੀ ਆਗਿਆ ਦੇ ਹਵਾਲੇ ਨਾਲ ਪ੍ਰਿੰਸੀਪਲ ਸਰਵਣ ਸਿੰਘ ਤੇ ਮੇਰੀ ਇੱਛਾ ਹੈ ਕਿ ਜਿਹੜੇ ਮਿਹਰਬਾਨ ਸੱਜਣ ਇਸ ਸੇਵਾ ਵਿਚ ਹਿੱਸਾ ਪਾਉਣਾ ਚਾਹੁੰਦੇ ਹਨ, ਉਹਨਾਂ ਦੀ ਇੱਛਾ ਪੂਰਤੀ ਲਈ ਅਸੀਂ ਸਾਡੇ ਨੌਜਵਾਨ ਖੇਡ ਲੇਖਕ ਨਵਦੀਪ ਗਿੱਲ ਨੂੰ ਅੱਗੇ ਲਾਉਣਾ ਚਾਹੁੰਦੇ ਹਾਂ। ਤੁਹਾਡੀ ਆਗਿਆ ਨਾਲ ਅਸੀਂ ਨਵਦੀਪ ਗਿੱਲ ਨੂੰ ਕਹਾਂਗੇ ਕਿ ਉਹ ਇਸ ਮਕਸਦ ਲਈ ਆਪਣੇ ਬੈਂਕ ਖਾਤੇ ਦਾ ਨੰਬਰ ਦੇ ਦੇਣ ਤੇ ਜਿਹੜੇ ਸੱਜਣ ਚਾਹੁਣ ਉਹ ਉਸ ਖਾਤੇ ਵਿਚ ਆਪਣੀ ਸੇਵਾ ਭੇਟ ਕਰ ਸਕਦੇ ਹਨ। ਜਿਹੜਾ ਵੀ ਸੱਜਣ ਜਿੰਨੇ ਪੈਸੇ ਭੇਜੇ ਉਹ ਏਥੇ ਐਲਾਨ ਕਰ ਦੇਵੇ। ਬਾਅਦ ਵਿਚ ਇਕੱਠੀ ਹੋਈ ਧਨ-ਰਾਸ਼ੀ ਤੁਹਾਡੇ ਸਭਨਾਂ ਦੀ ਇੱਛਾ ਨਾਲ ਵਿਨੇਸ਼ ਨੂੰ ਭੇਟ ਕੀਤੀ ਜਾ ਸਕਦੀ ਹੈ।

ਤੁਹਾਡੇ ਹੁੰਗਾਰੇ ਦੀ ਉਡੀਕ ਵਿਚ-ਵਰਿਆਮ ਸਿੰਘ ਸੰਧੂ)

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਗੈਸ ਸਟੇਸ਼ਨ ਤੋਂ ਖਰੀਦੇ ਗਏ 10 ਡਾਲਰ ਦੀ ਟਿਕਟ ਨੇ ਬਦਲੀ ਜੋੜੇ ਦੀ ਜਿ਼ੰਦਗੀ, 2 ਲੱਖ 50 ਹਜ਼ਾਰ ਡਾਲਰ ਦੀ ਨਿਕਲੀ ਲਾਟਰੀ ਓਰੋ-ਮੇਡੋਂਟੇ ਹਵਾਈ ਅੱਡੇ `ਤੇ ਛੋਟਾ ਜਹਾਜ਼ ਹੋਇਆ ਕਰੈਸ਼ GT20: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੂਜੇ ਕੁਆਲੀਫਾਇਰ ਮੈਚ ਦਾ ਮਾਣਿਆ ਆਨੰਦ ਗਰੀਨਵਿਚ, ਐੱਨ.ਐੱਸ. ਦੇ ਘਰ ਵਿੱਚ ਲੱਗੀ ਅੱਗ, ਹੋਇਆ ਵੱਡਾ ਨੁਕਸਾਨ ਪਿਕਟੋ, ਐੱਨ.ਐੱਸ. ਵਿੱਚ ਤਿੰਨ ਲੋਕਾਂ `ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਚਾਰਜਿਜ਼ ਪੂਰਵੀ ਓਂਟਾਰੀਓ ਵਿੱਚ ਮੀਂਹ ਦੀ ਚਿਤਾਵਨੀ ਗੁੰਮਰਾਹਕੁੰਨ ਜਾਣਕਾਰੀ ਲਈ ਵੇਸਟਜੈੱਟ `ਤੇ ਮੁਕੱਦਮਾ ਦਰਜ ਕੈਨੇਡਾ ਵੱਲੋਂ ਜੰਗ ਦੇ ਵਿਸਥਾਰ ਦੇ ਸ਼ੱਕ ਦੇ ਚਲਦੇ ਆਪਣੇ ਡਿਪਲੋਮੈਟਸ ਦੇ ਬੱਚਿਆਂ ਨੂੰ ਇਜ਼ਰਾਈਲ ਵਿਚੋਂ ਕੱਢਣ ਦਾ ਫੈਸਲਾ ਵੈਨਕੂਵਰ ਦੇ ਡਨਬਰ-ਸਾਊਥਲੈਂਡਜ਼ ਇਲਾਕੇ ਵਿੱਚ ਲੱਗੀ ਭਿਆਨਕ ਅੱਗ, ਕੋਈ ਜਾਨੀ ਨੁਕਸਾਨ ਨਹੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੈਸਪਰ ਵਾਈਲਡਫਾਇਰ ਕਮਾਂਡ ਸੈਂਟਰ ਦਾ ਕੀਤਾ ਦੌਰਾ