ਪਿਓਂਗਯਾਂਗ, 18 ਜੂਨ (ਪੋਸਟ ਬਿਊਰੋ): ਰੂਸ ਦੇ ਰਾਸ਼ਟਰਪਤੀ ਆਪਣੇ ਦੌਰਿਆਂ ਦੇ ਸੰਬੰਧ ਵਿਚ ਉੱਤਰੀ ਕੋਰੀਆ ਪਹੁੰਚ ਚੁੱਕੇ ਹਨ। ਰਾਜਧਾਨੀ ਪਿਓਂਗਯਾਂਗ ਦੇ ਸੁਨਾਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਿਮ ਜੋਂਗ ਉਨ ਨੇ ਖੁਦ ਪੁਤਿਨ ਦਾ ਸਵਾਗਤ ਕੀਤਾ। ਉੱਤਰੀ ਕੋਰੀਆ ਦੀ ਇਹ ਉਨ੍ਹਾਂ ਦੀ ਦੂਜੀ ਯਾਤਰਾ ਹੈ। ਉਹ ਲਗਭਗ 24 ਸਾਲ ਬਾਅਦ ਮੰਗਲਵਾਰ ਨੂੰ ਉੱਤਰੀ ਕੋਰੀਆ ਪਹੁੰਚਿਆ। ਪੁਤਿਨ ਦੀ ਉੱਤਰੀ ਕੋਰੀਆ ਦੀ ਸੰਭਾਵਿਤ ਯਾਤਰਾ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ।
ਜਣਾਕਾਰੀ ਮੁਤਾਬਕ ਪੁਤਿਨ ਅਤੇ ਕਿਮ ਜੋਂਗ ਉਨ ਵਿਚਾਲੇ ਬੈਠਕ ਵੀ ਹੋਈ। ਇਸ ਦੌਰਾਨ ਦੋਵੇਂ ਨੇਤਾ ਆਪਸ 'ਚ ਗੱਲਬਾਤ ਕਰਦੇ ਨਜ਼ਰ ਆਏ। ਕ੍ਰੇਮਲਿਨ ਨੇ ਪੁਤਿਨ ਦੀ ਉੱਤਰੀ ਕੋਰੀਆ ਦੀ ਯਾਤਰਾ ਨੂੰ 'ਦੋਸਤਾਨਾ ਸਰਕਾਰੀ ਦੌਰਾ' ਦੱਸਿਆ ਹੈ।
ਪੁਤਿਨ ਨੇ ਯੂਕਰੇਨ ਮੁੱਦੇ 'ਤੇ ਉੱਤਰੀ ਕੋਰੀਆ ਦੇ ਸਮਰਥਨ ਲਈ ਧੰਨਵਾਦ ਕੀਤਾ ਹੈ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਨਾਲ ਨਜਿੱਠਣ ਲਈ ਉੱਤਰੀ ਕੋਰੀਆ ਨਾਲ ਮਿਲ ਕੇ ਕੰਮ ਕਰਨਗੇ।
ਏਐੱਫਪੀ ਮੁਤਾਬਕ ਪੁਤਿਨ ਦਾ ਉੱਤਰੀ ਕੋਰੀਆ 'ਚ ਅਧਿਕਾਰਤ ਤੌਰ 'ਤੇ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਹੁਣ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਗੱਲਬਾਤ ਹੋਵੇਗੀ। ਉੱਤਰੀ ਕੋਰੀਆ ਆਪਣੇ ਦੋ ਦਿਨਾਂ ਦੌਰੇ ਦੇ ਹਿੱਸੇ ਵਜੋਂ ਰੂਸੀ ਰਾਸ਼ਟਰਪਤੀ ਲਈ ਇੱਕ ਗਾਲਾ ਸੰਗੀਤ ਸਮਾਰੋਹ ਵੀ ਆਯੋਜਿਤ ਕਰੇਗਾ। ਇਸ ਤੋਂ ਬਾਅਦ ਪੁਤਿਨ ਉੱਥੇ ਦੇ ਇਕਲੌਤੇ ਆਰਥੋਡਾਕਸ ਚਰਚ ਦਾ ਦੌਰਾ ਕਰਨਗੇ।