ਨੈਰੋਬੀ, 26 ਜੂਨ (ਪੋਸਟ ਬਿਊਰੋ): ਅਫਰੀਕੀ ਦੇਸ਼ ਕੀਨੀਆ ਨੇ ਭਿਆਨਕ ਪ੍ਰਦਰਸ਼ਨਾਂ ਅਤੇ ਹਿੰਸਾ ਤੋਂ ਬਾਅਦ ਨਵਾਂ ਟੈਕਸ ਬਿੱਲ ਵਾਪਿਸ ਲੈ ਲਿਆ ਹੈ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਸਟੇਟ ਹਾਊਸ ਤੋਂ ਬਿੱਲ ਵਾਪਿਸ ਲੈਣ ਦਾ ਐਲਾਨ ਕੀਤਾ। ਕੀਨੀਆ 'ਚ ਨਵੇਂ ਟੈਕਸ ਬਿੱਲ ਦੇ ਖਿਲਾਫ ਮੰਗਲਵਾਰ ਨੂੰ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ। ਉਹ ਸੰਸਦ ਦੇ ਬਾਹਰ ਲੱਗੇ ਬੈਰੀਕੇਡਾਂ ਨੂੰ ਪਾਰ ਕਰਕੇ ਅੰਦਰ ਦਾਖਲ ਹੋਏ, ਜਿੱਥੇ ਸੰਸਦ ਮੈਂਬਰ ਬਿੱਲ 'ਤੇ ਚਰਚਾ ਕਰ ਰਹੇ ਸਨ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸੰਸਦ ਨੂੰ ਅੱਗ ਲਗਾ ਦਿੱਤੀ।
ਇਸ ਦੌਰਾਨ ਪੁਲਿਸ ਗੋਲੀਬਾਰੀ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 31 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਸ ਪ੍ਰਦਰਸ਼ਨ 'ਚ ਜਿ਼ਆਦਾਤਰ ਨੌਜਵਾਨਾਂ ਨੇ ਹਿੱਸਾ ਲਿਆ। ਸੰਸਦ 'ਚ ਹਿੰਸਾ ਦੌਰਾਨ ਸੰਸਦ ਮੈਂਬਰਾਂ ਨੂੰ ਜ਼ਮੀਨਦੋਜ਼ ਸੁਰੰਗ ਰਾਹੀਂ ਬਾਹਰ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਦੀ ਭੰਨਤੋੜ ਵੀ ਕੀਤੀ।
ਕੀਨੀਆ ਵਿੱਚ ਭਾਰਤੀ ਦੂਤਾਵਾਸ ਨੇ ਵੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਭਾਰਤੀਆਂ ਨੂੰ ਕਿਹਾ ਗਿਆ ਹੈ ਕਿ ਉਹ ਬੇਲੋੜੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਹਿੰਸਾ ਵਾਲੀਆਂ ਥਾਵਾਂ ਤੋਂ ਦੂਰ ਰਹਿਣ। ਦੂਤਾਵਾਸ ਨਾਲ ਵੀ ਲਗਾਤਾਰ ਸੰਪਰਕ ਵਿੱਚ ਰਹਿਣ।