ਕਾਠਮਾਂਡੂ, 26 ਜੂਨ (ਪੋਸਟ ਬਿਊਰੋ): ਨੇਪਾਲੀ ਧਰਮਗੁਰੂ ਰਾਮ ਬਹਾਦਰ ਬੋਮਜਨ ਨੂੰ 15 ਸਾਲਾ ਸਾਧਵੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਬੁੱਧਾ ਬੁਆਏ ਦੇ ਨਾਂ ਨਾਲ ਮਸ਼ਹੂਰ 33 ਸਾਲਾ ਰਾਮ ਬਹਾਦਰ ਨੂੰ ਇਸ ਸਾਲ ਜਨਵਰੀ 'ਚ ਜਿਨਸੀ ਸ਼ੋਸ਼ਣ ਦੇ ਨਾਲ-ਨਾਲ 4 ਲੋਕਾਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਸਰਲਾਹੀ ਅਦਾਲਤ ਨੇ ਸੋਮਵਾਰ ਨੂੰ ਉਸ ਨੂੰ ਨਾਬਾਲਿਗ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਅਤੇ ਹੁਣ ਇਸ ਮਾਮਲੇ ਵਿੱਚ 1 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ। ਰਿਪੋਰਟ ਮੁਤਾਬਕ ਰਾਮ ਬਹਾਦਰ ਨੂੰ ਘੱਟੋ-ਘੱਟ 12 ਸਾਲ ਦੀ ਜੇਲ੍ਹ ਹੋ ਸਕਦੀ ਹੈ।
ਕਾਠਮਾਂਡੂ ਪੋਸਟ ਨੇ ਪੁਲਿਸ ਚਾਰਜਸ਼ੀਟ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਰਾਮ ਬਹਾਦੁਰ ਨੇ 2016 'ਚ 15 ਸਾਲਾ ਸਾਧਵੀ ਨੂੰ ਆਪਣੇ ਕਮਰੇ 'ਚ ਬੁਲਾਇਆ ਸੀ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਸਨ। ਉਸ ਨੇ ਸਾਧਵੀ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਸੀ।
ਇਸ ਸਾਲ ਜਨਵਰੀ 'ਚ ਰਾਮ ਬਹਾਦਰ ਦੀ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਉਸ ਦੇ ਘਰੋਂ 3 ਕਰੋੜ ਨੇਪਾਲੀ ਰੁਪਏ (ਭਾਰਤੀ ਕਰੰਸੀ 'ਚ ਕਰੀਬ 2 ਕਰੋੜ ਰੁਪਏ) ਜ਼ਬਤ ਕੀਤੇ ਸਨ। ਇਸ ਤੋਂ ਇਲਾਵਾ 16 ਦੇਸ਼ਾਂ ਦੀ ਕਰੰਸੀ ਵੀ ਮਿਲੀ। ਰਾਮ ਬਹਾਦਰ ਦੇ ਸ਼ਰਧਾਲੂਆਂ ਅਨੁਸਾਰ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਤਪੱਸਿਆ ਸ਼ੁਰੂ ਕਰ ਦਿੱਤੀ ਸੀ। ਉਹ ਪਾਣੀ, ਭੋਜਨ ਜਾਂ ਨੀਂਦ ਤੋਂ ਬਿਨ੍ਹਾਂ ਅਭਿਆਸ ਕਰਦਾ ਸੀ। ਇਸੇ ਕਰਕੇ ਉਹ ‘ਬੁੱਧਾ ਬੁਆਏ’ ਵਜੋਂ ਵੀ ਜਾਣਿਆ ਜਾਣ ਲੱਗਾ।