ਸਿਓਲ, 18 ਜੂਨ (ਪੋਸਟ ਬਿਊਰੋ): ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਮੂਨ ਜੇ-ਇਨ ਦੀ ਪਤਨੀ ਕਿਮ ਜੁੰਗ-ਸੁਕ ਨੇ ਸੋਮਵਾਰ ਨੂੰ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਵਿਰੁੱਧ ਗਲਤ ਜਾਣਕਾਰੀ ਫੈਲਾਉਣ ਅਤੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ।
ਦੱਖਣ ਕੋਰੀਆਈ ਨਿਊਜ਼ ਦਿ ਕੋਰੀਅਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਪੀਪੀਪੀ ਪਾਰਟੀ ਦੇ ਸੰਸਦ ਮੈਂਬਰ ਬੇ ਨੇ ਪਿਛਲੇ ਮਹੀਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਬਕਾ ਰਾਸ਼ਟਰਪਤੀ ਦੀ ਪਤਨੀ ਉੱਤੇ ਇਹ ਦੋਸ਼ ਲਗਾਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਜੰਗ-ਸੁਕ ਨੇ 2018 ਵਿੱਚ ਆਪਣੀ ਭਾਰਤ ਫੇਰੀ ਦੌਰਾਨ ਪੂਰੀ ਇਯਾਸ਼ੀ ਕੀਤੀ ਸੀ ਅਤੇ ਟੈਕਸਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਸੀ।
ਸਾਂਸਦ ਬੇ ਨੇ ਦਾਅਵਾ ਕੀਤਾ ਸੀ ਕਿ ਜੰਗ-ਸੁਕ 6 ਸਾਲ ਪਹਿਲਾਂ ਭਾਰਤ ਦੌਰੇ 'ਤੇ ਗਈ ਸੀ, ਜਿੱਥੇ ਉਨ੍ਹਾਂ ਨੇ ਚਾਰ ਦਿਨਾਂ ਵਿੱਚ 230 ਮਿਲੀਅਨ ਵਾਨ (ਲਗਭਗ 1.40 ਕਰੋੜ ਰੁਪਏ) ਖਰਚ ਕੀਤੇ ਸਨ। ਉਨ੍ਹਾਂ ਕਿਹਾ ਕਿ ਕਿਮ ਅਤੇ ਉਨ੍ਹਾਂ ਦੇ ਵਫ਼ਦ ਨੇ ਸਿਰਫ਼ ਖਾਣੇ 'ਤੇ 62 ਮਿਲੀਅਨ ਵਾਨ (40 ਲੱਖ ਭਾਰਤੀ ਰੁਪਏ) ਖਰਚ ਕੀਤੇ ਹਨ।
ਸਾਂਸਦ ਬੇ ਦੇ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਦੱਖਣੀ ਕੋਰੀਆ ਦੀ ਰਾਜਨੀਤੀ 'ਚ ਖਲਬਲੀ ਮਚ ਗਈ ਹੈ। ਪੀਪੀਪੀ ਪਾਰਟੀ ਨੇ ਇਸ ਨੂੰ ਮੁੱਦਾ ਬਣਾਇਆ ਹੈ।
ਦੱਖਣੀ ਕੋਰੀਆ ਦੀ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦਾ ਦੋਸ਼ ਹੈ ਕਿ ਜੁੰਗ-ਸੂਕ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ, ਜਨਤਾ ਦੇ ਪੈਸੇ ਦੀ ਬਰਬਾਦੀ ਕੀਤੀ ਅਤੇ ਸਿਰਫ ਤਾਜ ਮਹਿਲ ਦੇਖਣ ਲਈ ਕਰੋੜਾਂ ਰੁਪਏ ਖਰਚ ਕੀਤੇ।
ਪੀਪੀਪੀ ਆਗੂਆਂ ਨੇ ਦੋਸ਼ਾਂ ਦੀ ਵਿਸ਼ੇਸ਼ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ ਮੁੱਖ ਵਿਰੋਧੀ ਪਾਰਟੀ ਡੀਪੀਕੇ ਨੇ ਕਿਹਾ ਹੈ ਕਿ ਇਹ ਸਾਬਕਾ ਰਾਸ਼ਟਰਪਤੀ ਨੂੰ ਬਦਨਾਮ ਕਰਨ ਦੀ ਇੱਕ ਹੋਰ ਕੋਸਿ਼ਸ਼ ਹੈ।