ਰੋਮ, 14 ਜੂਨ (ਪੋਸਟ ਬਿਊਰੋ): ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਵਿੱਚ ਹਨ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ। ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਮੋਦੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਹਨ। ਮੁਲਾਕਾਤ ਦੌਰਾਨ ਦੋਵੇਂ ਆਗੂਆਂ ਨੇ ਜੱਫੀ ਪਾਈ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਦੁਵੱਲੀ ਮੀਟਿੰਗ ਹੋਈ।
ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਮੋਦੀ ਨੇ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦੋਵਾਂ ਨੇਤਾਵਾਂ ਨੇ ਜਾਪਾਨ 'ਚ ਜੀ-7 ਸਿਖਰ ਸੰਮੇਲਨ 'ਚ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਲਗਾਤਾਰ 5ਵੀਂ ਵਾਰ ਜੀ7 ਸਿਖਰ ਸੰਮੇਲਨ ਵਿੱਚ ਸਿ਼ਰਕਤ ਕੀਤੀ ਹੈ। ਉਹ ਦੇਰ ਰਾਤ 3:30 ਵਜੇ ਇਟਲੀ ਪਹੁੰਚੇ।