ਇਸਲਾਮਾਬਾਦ, 13 ਜੂਨ (ਪੋਸਟ ਬਿਊਰੋ): ਪਾਕਿਸਤਾਨੀ ਸੰਸਦ 'ਚ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਸਿ਼ਬਲੀ ਫਰਾਜ਼ ਨੇ ਭਾਰਤ 'ਚ ਹੋਈਆਂ ਚੋਣਾਂ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਸਾਰੇ ਜਾਣਦੇ ਹਨ ਕਿ ਪਾਕਿਸਤਾਨ 'ਚ ਹੋਈਆਂ ਚੋਣਾਂ 'ਚ ਧਾਂਦਲੀ ਹੋਈ ਪਰ ਸਾਡੇ ਗੁਆਂਢੀ ਦੇਸ਼ 'ਚ ਵੀ ਚੋਣਾਂ ਹੋਈਆਂ। ਪਰ ਅੱਜ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਧਾਂਦਲੀ ਸੀ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ 80 ਕਰੋੜ ਲੋਕਾਂ ਨੇ ਵੋਟ ਪਾਈ ਹੈ। ਵੋਟਿੰਗ ਲਈ ਉੱਥੇ ਲੱਖਾਂ ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਇੱਕ ਵਿਅਕਤੀ ਲਈ ਇੱਕ ਵੋਟਿੰਗ ਕੇਂਦਰ ਵੀ ਸੀ। ਭਾਰਤ ਵਿੱਚ ਪੂਰੀ ਚੋਣ ਈਵੀਐੱਮ ਦੀ ਵਰਤੋਂ ਕਰਕੇ ਕਰਵਾਈ ਗਈ, ਜੋ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੀ।
ਫਰਾਜ਼ ਨੇ ਆਪਣੀ ਸਰਕਾਰ ਨੂੰ ਪੁੱਛਿਆ- ਕੀ ਭਾਰਤ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਹਾਲੇ ਤੱਕ ਇੱਕ ਵੀ ਆਵਾਜ਼ ਉਠਾਈ ਗਈ ਹੈ? ਉੱਥੇ ਸਾਰੀਆਂ ਪਾਰਟੀਆਂ ਨੇ ਮੰਨਿਆ ਕਿ ਚੋਣਾਂ ਨਿਰਪੱਖ ਹੋਈਆਂ ਹਨ। ਉਨ੍ਹਾਂ ਸੰਸਦ ਵਿੱਚ ਸਵਾਲ ਉਠਾਇਆ ਕਿ ਕੀ ਪਾਕਿਸਤਾਨ ਵਿੱਚ ਕਦੇ ਵੀ ਬਿਨ੍ਹਾਂ ਕਿਸੇ ਧਾਂਦਲੀ ਦੇ ਚੋਣਾਂ ਹੋ ਸਕਦੀਆਂ ਹਨ?