ਕਰਾਚੀ, 13 ਜੂਨ (ਪੋਸਟ ਬਿਊਰੋ): ਪਾਕਿਸਤਾਨ ਵਿੱਚ ਗਧਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਾਕਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਦੇਸ਼ ਦਾ ਆਰਥਿਕ ਸਰਵੇਖਣ ਪੇਸ਼ ਕੀਤਾ, ਜਿਸ 'ਚ ਖੁਲਾਸਾ ਹੋਇਆ ਹੈ ਕਿ ਦੇਸ਼ 'ਚ ਇਕ ਸਾਲ 'ਚ ਗਧਿਆਂ ਦੀ ਗਿਣਤੀ 1.72 ਫੀਸਦੀ ਵਧ ਕੇ 59 ਲੱਖ ਹੋ ਗਈ ਹੈ।
ਸਰਕਾਰ ਨੇ ਕਿਹਾ ਕਿ 2022 ਵਿੱਚ ਇਹ ਗਿਣਤੀ 58 ਲੱਖ ਸੀ। ਸਿਰਫ਼ ਇੱਕ ਸਾਲ ਵਿੱਚ ਗਧਿਆਂ ਦੀ ਗਿਣਤੀ ਵਿੱਚ ਇੱਕ ਲੱਖ ਦਾ ਵਾਧਾ ਹੋਇਆ ਹੈ। ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਸੰਸਦ ਵਿੱਚ ਦੱਸਿਆ ਹੈ ਕਿ ਦੇਸ਼ ਵਿੱਚ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਵਿੱਚ 5 ਕਰੋੜ ਗਊਆਂ, 4 ਕਰੋੜ ਮੱਝਾਂ, 3 ਕਰੋੜ ਭੇਡਾਂ ਅਤੇ 8 ਕਰੋੜ ਬੱਕਰੀਆਂ ਹਨ, ਜਿਨ੍ਹਾਂ ਵਿੱਚੋਂ ਗਧਿਆਂ ਦੀ ਗਿਣਤੀ ਸਭ ਤੋਂ ਵੱਧ ਵਧੀ ਹੈ।
ਪਾਕਿਸਤਾਨ ਸਰਕਾਰ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਹੁਣ ਗਧਿਆਂ ਦੀ ਵਿਕਰੀ ਤੋਂ ਵਿਦੇਸ਼ੀਮਾਲੀਆ ਕਮਾਏਗੀ। ਪਾਕਿਸਤਾਨ ਦੀ ਕੈਬਨਿਟ ਨੇ ਚੀਨ ਨੂੰ ਗਧੇ ਦੀ ਖੱਲ ਸਮੇਤ ਪਸ਼ੂਆਂ ਅਤੇ ਡੇਅਰੀ ਉਤਪਾਦਾਂ ਦੇ ਨਿਰਯਾਤ ਨੂੰ ਵੀ ਮਨਜ਼ੂਰੀ ਦਿੱਤੀ ਸੀ। ਪਾਕਿਸਤਾਨ ਵਿੱਚ 80 ਲੱਖ ਲੋਕ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਚੀਨ ਨੂੰ ਗਧਿਆਂ ਦੇ ਨਿਰਯਾਤ ਤੋਂ ਲੋਕਾਂ ਦੀ ਕਮਾਈ ਵਿੱਚ 40% ਵਾਧਾ ਹੋਇਆ ਹੈ।