ਇਸਲਾਮਾਬਾਦ, 13 ਜੂਨ (ਪੋਸਟ ਬਿਊਰੋ): ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ 'ਚ ਸ਼ਾਹਬਾਜ਼ ਸਰਕਾਰ ਨੇ ਬੁੱਧਵਾਰ ਨੂੰ 67.84 ਅਰਬ ਮਤਲਬ 18.88 ਲੱਖ ਕਰੋੜ ਪਾਕਿਸਤਾਨੀ ਰੁਪਏ ਦਾ ਬਜਟ ਪੇਸ਼ ਕੀਤਾ। ਜੇਕਰ ਭਾਰਤੀ ਰੁਪਏ 'ਚ ਦੇਖਿਆ ਜਾਵੇ ਤਾਂ ਇਹ ਰਕਮ 5.65 ਲੱਖ ਕਰੋੜ ਰੁਪਏ ਬਣਦੀ ਹੈ। ਮੀਡੀਆ ਵੈੱਬਸਾਈਟ ਡਾਨ ਅਨੁਸਾਰ ਇਹ ਪਿਛਲੇ ਸਾਲ ਦੇ ਮੁਕਾਬਲੇ 30.56 ਫੀਸਦੀ ਜਿ਼ਆਦਾ ਹੈ।
ਪਾਕਿਸਤਾਨ ਸਰਕਾਰ ਨੇ ਰੱਖਿਆ ਖੇਤਰ 'ਤੇ 2.1 ਟ੍ਰਿਲੀਅਨ ਪਾਕਿਸਤਾਨੀ ਰੁਪਏ (6,300 ਕਰੋੜ ਭਾਰਤੀ ਰੁਪਏ) ਖਰਚਣ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਪਾਕਿਸਤਾਨ ਨੇ ਰੱਖਿਆ 'ਤੇ 1.80 ਖਰਬ ਰੁਪਏ ਖਰਚ ਕੀਤੇ ਸਨ।
ਬਜਟ ਪਾਕਿਸਤਾਨੀ ਸਮੇਂ ਅਨੁਸਾਰ ਸ਼ਾਮ 4 ਵਜੇ ਪੇਸ਼ ਕੀਤਾ ਜਾਣਾ ਸੀ ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕਰੀਬ ਢਾਈ ਘੰਟੇ ਦੇਰੀ ਨਾਲ ਪੇਸ਼ ਕੀਤਾ ਗਿਆ। ਜਦੋਂ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਇਹ ਬਜਟ ਪੇਸ਼ ਕਰ ਰਹੇ ਸਨ ਤਾਂ ਵਿਰੋਧੀ ਨੇਤਾ 'ਗੋ ਨਵਾਜ਼ ਗੋ' ਦੇ ਨਾਅਰੇ ਲਗਾ ਰਹੇ ਸਨ, ਪਾਕਿਸਤਾਨ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਬਜਟ ਹੈ।