ਨਵੀਂ ਦਿੱਲੀ, 12 ਜੂਨ (ਪੋਸਟ ਬਿਊਰੋ): ਕੁਵੈਤ ਦੇ ਮੰਗਾਫ ਸ਼ਹਿਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗ ਗਈ। ਇਸ ਵਿੱਚ 40 ਭਾਰਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਨ੍ਹਾਂ ਵਿੱਚੋਂ 5 ਕੇਰਲ ਦੇ ਵਸਨੀਕ ਸਨ। ਇਸ ਹਾਦਸੇ 'ਚ 30 ਭਾਰਤੀਆਂ ਸਮੇਤ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਹਾਲੇ ਤੱਕ 40 ਭਾਰਤੀਆਂ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸਿਆ ਕਿ ਹਾਦਸੇ 'ਚ 30 ਭਾਰਤੀ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਰਾਜਦੂਤ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਕੁਵੈਤ ਦੇ ਸਮੇਂ ਅਨੁਸਾਰ ਅੱਜ ਸਵੇਰੇ ਕਰੀਬ 6 ਵਜੇ ਵਾਪਰਿਆ।
ਸਵੇਰੇ ਗਰਾਊਂਡ ਫਲੋਰ ਦੀ ਰਸੋਈ 'ਚ ਲੱਗੀ ਅੱਗ ਤੇਜ਼ੀ ਨਾਲ ਪੂਰੀ ਇਮਾਰਤ 'ਚ ਫੈਲ ਗਈ। ਇਮਾਰਤ ਦੇ ਅੰਦਰ ਕਈ ਲੋਕ ਫਸੇ ਹੋਏ ਸਨ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।
ਜਿ਼ਕਰਯੋਗ ਹੈ ਕਿ ਇਮਾਰਤ ਵਿੱਚ 160 ਤੋਂ ਵੱਧ ਲੋਕ ਰਹਿ ਰਹੇ ਸਨ। ਗ੍ਰਹਿ ਮੰਤਰੀ ਸ਼ੇਖ ਫਹਾਦ ਅਲ-ਯੂਸਫ ਨੇ ਕਿਹਾ ਕਿ ਇਮਾਰਤ 'ਚ ਕਈ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਇਸ ਲਈ ਹਾਲੇ ਤੱਕ ਮਰਨ ਵਾਲਿਆਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ।