ਇਸਲਾਮਾਬਾਦ, 12 ਜੂਨ (ਪੋਸਟ ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਚੇਅਰਮੈਨ ਗੌਹਰ ਅਲੀ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਜੇਲ 'ਚ ਬੰਦ ਇਮਰਾਨ ਸਭ ਕੁਝ ਭੁੱਲਣ ਲਈ ਤਿਆਰ ਹਨ। ਪਾਕਿਸਤਾਨੀ ਮੀਡੀਆ 'ਦਿ ਐਕਸਪ੍ਰੈਸ ਟ੍ਰਿਬਿਊਨ' ਮੁਤਾਬਕ ਗੌਹਰ ਅਲੀ ਖਾਨ ਨੇ ਇਹ ਗੱਲ ਇਮਰਾਨ ਖਾਨ ਨਾਲ ਮੁਲਾਕਾਤ ਤੋਂ ਬਾਅਦ ਕਹੀ।
ਉਨ੍ਹਾਂ ਕਿਹਾ ਕਿ ਸ਼ਾਹਬਾਜ਼ ਸਰਕਾਰ ਵੱਲੋਂ ਇਮਰਾਨ ਖ਼ਾਨ ਨੂੰ ਕੋਈ ਡੀਲ ਦੀ ਪੇਸ਼ਕਸ਼ ਨਹੀਂ ਕੀਤੀ ਗਈ ਹੈ। ਇਮਰਾਨ ਨੇ ਵਾਰ-ਵਾਰ ਕਿਹਾ ਹੈ ਕਿ ਗੱਲਬਾਤ ਹੋਣੀ ਚਾਹੀਦੀ ਹੈ। ਉਹ ਦੇਸ਼ ਦੀ ਖ਼ਾਤਰ ਸਭ ਕੁਝ ਮੁਆਫ਼ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਦੱਸਿਆ ਕਿ ਇਮਰਾਨ ਨੂੰ ਉਸ ਦੇ ਬੇਟੇ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਦੋ ਹਫ਼ਤਿਆਂ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ 9 ਜੂਨ ਨੂੰ ਨਿਊਯਾਰਕ 'ਚ ਆਯੋਜਿਤ ਟੀ-20 ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਮੈਚ ਦੌਰਾਨ 'ਇਮਰਾਨ ਖਾਨ ਨੂੰ ਰਿਹਾਅ ਕਰੋ' ਦੇ ਬੈਨਰ ਨਾਲ ਸਟੇਡੀਅਮ ਦੇ ਉੱਪਰ ਇਕ ਜਹਾਜ਼ ਉੱਡਦਾ ਦੇਖਿਆ ਗਿਆ ਸੀ।