ਨਵੀਂ ਦਿੱਲੀ, 28 ਮਈ (ਪੋਸਟ ਬਿਊਰੋ): ਪੁਲਿਸ ਨੇ ਇਹ ਜਾਣਕਾਰੀ ਦਿੱਤੀ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੰਗਲਵਾਰ ਸਵੇਰੇ ਵਾਰਾਣਸੀ ਲਈ ਉਡਾਣ ਭਰਨ ਲਈ ਤਿਆਰ 'ਇੰਡੀਗੋ' ਜਹਾਜ਼ ਵਿਚ ਬੰਬ ਦੀ ਧਮਕੀ ਮਿਲੀ ਸੀ। ਪਰ ਜਹਾਜ਼ ਦੀ ਤਲਾਸ਼ੀ ਲੈਣ ਤੋਂ ਬਾਅਦ ਇਹ ਜਾਣਕਾਰੀ ਇੱਕ ਅਫਵਾਹ ਨਿਕਲੀ।
ਅਧਿਕਾਰੀਆਂ ਨੇ ਦੱਸਿਆ ਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਜਹਾਜ਼ ਵਿਚ ਸਵਾਰ ਸਾਰੇ ਚਾਲਕ ਦਲ ਅਤੇ 176 ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇੰਡੀਗੋ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਯਾਤਰੀਆਂ ਨੂੰ ਇਕ ਹੋਰ ਫਲਾਈਟ ਰਾਹੀਂ ਵਾਰਾਣਸੀ ਲਿਜਾਣ ਦੀ ਵਿਵਸਥਾ ਕੀਤੀ ਗਈ ਸੀ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ ਦੇ ਟਾਇਲਟ 'ਚ ਇਕ ਕਾਗਜ਼ ਮਿਲਣ ਦੀ ਸੂਚਨਾ ਸਵੇਰੇ ਕਰੀਬ 5 ਵਜੇ ਮਿਲੀ। ਕਾਗਜ਼ 'ਤੇ ਲਿਖਿਆ ਸੀ- 'ਸਾਢੇ ਪੰਜ ਵਜੇ ਬੰਬ'।
ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਬੰਬ ਦੀ ਧਮਕੀ ਅਫਵਾਹ ਹੀ ਨਿਕਲੀ। ਅੱਗੇ ਜਾਂਚ ਚੱਲ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇੰਡੀਗੋ ਦੀ ਫਲਾਈਟ ਨੰਬਰ 6ਈ2211 ਰਵਾਨਗੀ ਲਈ ਤਿਆਰ ਹੋ ਰਹੀ ਸੀ ਤਾਂ ਪਾਇਲਟ ਨੂੰ ਟਾਇਲਟ 'ਚ ਇਕ ਕਾਗਜ਼ ਦਾ ਟੁਕੜਾ ਮਿਲਿਆ, ਜਿਸ 'ਤੇ ਬੰਬ ਦੀ ਧਮਕੀ ਲਿਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤਾਂ ਸੁਰੱਖਿਆ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਬਾਅਦ ਵਿਚ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਨਿਕਾਸ ਰਾਹੀਂ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।