ਓਟਵਾ, 29 ਫਰਵਰੀ (ਪੋਸਟ ਬਿਊਰੋ) : ਸਿਹਤ ਮੰਤਰੀ ਮਾਰਕ ਹਾਲੈਂਡ ਵੱਲੋਂ ਵੀਰਵਾਰ ਨੂੰ ਲੰਮੇਂ ਸਮੇਂ ਤੋਂ ਉਡੀਕੇ ਜਾ ਰਹੇ ਨੈਸ਼ਨਲ ਫਾਰਮਾਕੇਅਰ ਬਿੱਲ ਨੂੰ ਪੇਸ਼ ਕਰਨ ਦੀ ਸੰਭਾਵਨਾ ਹੈ। ਇਸ ਨਾਲ ਹਾਊਸ ਆਫ ਕਾਮਨਜ਼ ਵਿੱਚ ਸਰਕਾਰ ਨੂੰ ਸਮਰਥਨ ਦੇਣ ਦੀ ਐਨਡੀਪੀ ਦੀ ਡੀਲ ਵੀ ਚੱਲਦੀ ਰਹਿ ਸਕੇਗੀ।
ਐਨਡੀਪੀ ਨਾਲ ਹੋਏ ਸਮਝੌਤੇ ਤਹਿਤ ਫੈਡਰਲ ਸਰਕਾਰ ਉਸ ਹਰੇਕ ਸ਼ਖ਼ਸ ਨੂੰ ਬਰਥ ਕੰਟਰੋਲ ਤੇ ਡਾਇਬਟੀਜ਼ ਨਾਲ ਸਬੰਧਤ ਦਵਾਈਆਂ ਤੇ ਸਪਲਾਈ ਮੁਹੱਈਆ ਕਰਵਾਉਣ ਸਬੰਧੀ ਪ੍ਰੋਗਰਾਮ ਵੀ ਲਾਂਚ ਕਰ ਸਕਦੀ ਹੈ, ਜਿਨ੍ਹਾਂ ਕੋਲ ਹੈਲਥ ਕਾਰਡ ਹੈ। ਇੱਥੇ ਦੱਸਣਾ ਬਣਦਾ ਹੈ ਕਿ ਦੋ ਪਾਰਟੀਆਂ ਦਰਮਿਆਨ ਹੋਏ ਸਮਝੌਤੇ ਦਾ ਮੁੱਖ ਧੁਰਾ ਫਾਰਮਾਕੇਅਰ ਹੀ ਹੈ। ਇਸ ਨੂੰ ਅਮਲ ਵਿੱਚ ਲਿਆਉਣ ਬਦਲੇ ਹੀ ਐਨਡੀਪੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਲਈ ਰਾਜ਼ੀ ਹੋਈ ਸੀ।
ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਡੀਲ ਉੱਤੇ ਉਸ ਸਮੇਂ ਕਾਲੇ ਬੱਦਲ ਛਾ ਗਏ ਸਨ ਜਦੋਂ ਬਿੱਲ ਦਾ ਮਸੌਦਾ ਤੈਅ ਨਹੀਂ ਸੀ ਹੋ ਪਾ ਰਿਹਾ ਤੇ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਸਰਕਾਰ ਕਿੰਨੀਆਂ ਦਵਾਈਆਂ ਲਾਂਚ ਕਰਨ ਬਾਰੇ ਸੋਚ ਰਹੀ ਹੈ।ਇਸ ਦੌਰਾਨ ਐਨਡੀਪੀ ਵੱਲੋਂ ਵੀ ਸਰਕਾਰ ਨੂੰ ਇਹ ਚੇਤਾਇਆ ਗਿਆ ਸੀ ਕਿ ਜੇ ਪਹਿਲੀ ਮਾਰਚ ਨੂੰ ਬਿੱਲ ਪੇਸ਼ ਨਾ ਕੀਤਾ ਗਿਆ ਤਾਂ ਉਹ ਡੀਲ ਬਾਰੇ ਦੁਬਾਰਾ ਵਿਚਾਰ ਕਰ ਸਕਦੀ ਹੈ।