ਗੰਗਟੋਕ, 22 ਫਰਵਰੀ (ਪੋਸਟ ਬਿਊਰੋ): ਭਾਰਤੀ ਸੈਨਾ ਨੇ ਸਿੱਕਮ 'ਚ ਭਾਰਤ-ਚੀਨ ਸਰਹੱਦ 'ਤੇ ਭਾਰੀ ਬਰਫਬਾਰੀ ਦੌਰਾਨ ਫਸੇ 500 ਸੈਲਾਨੀਆਂ ਨੂੰ ਬਚਾਇਆ ਹੈ। ਫੌਜ ਨੇ ਸੈਲਾਨੀਆਂ ਦੇ ਇਸ ਬਚਾਅ ਦਾ ਵੀਡੀਓ ਵੀ ਜਾਰੀ ਕੀਤਾ ਹੈ। ਇਸ ਵੀਡੀਓ'ਚ ਫੌਜ ਦੇ ਅਧਿਕਾਰੀ ਅਤੇ ਜਵਾਨ ਬਰਫਬਾਰੀ 'ਚ ਫਸੇ ਸੈਲਾਨੀਆਂ ਨੂੰ ਬਚਾ ਕੇ ਸੁਰੱਖਿਅਤ ਕੈਂਪ 'ਚ ਲਿਜਾਂਦੇ ਨਜ਼ਰ ਆ ਰਹੇ ਹਨ।
ਇਕ ਮਹਿਲਾ ਸੈਲਾਨੀ ਨੇ ਦੱਸਿਆ ਕਿ ਬਰਫਬਾਰੀ 'ਚ ਫਸਣ ਤੋਂ ਬਾਅਦ ਉਸ ਨੂੰ ਡਰ ਕਾਰਨ ਸਿਰ ਦਰਦ ਹੋਣ ਲੱਗਾ। ਕੋਈ ਉਮੀਦ ਨਹੀਂ ਸੀ ਕਿ ਮੈਂ ਇੱਥੋਂ ਸੁਰੱਖਿਅਤ ਬਾਹਰ ਨਿਕਲ ਸਕਾਂਗੀ। ਪਰ ਹੁਣ ਆਪਣੇ ਆਪ ਨੂੰ ਸੁਰੱਖਿਅਤ ਦੇਖ ਕੇ ਚੰਗਾ ਲੱਗਦਾ ਹੈ। ਫੌਜ ਨੇ ਇਸ ਬਚਾਅ ਮੁਹਿੰਮ ਨਾਲ ਜੁੜੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਫੌਜ ਦੇ ਅਧਿਕਾਰੀ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਦੇ ਨਜ਼ਰ ਆ ਰਹੇ ਹਨ।
ਫੌਜ ਨੇ ਇਸ ਸਬੰਧੀ ਟਵੀਟ ਵਿਚ ਲਿਿਖਆ ਹੈ ਕਿ 21 ਫਰਵਰੀ ਨੂੰ ਅਚਾਨਕ ਹੋਈ ਭਾਰੀ ਬਰਫਬਾਰੀ ਕਾਰਨ ਪੂਰਬੀ ਸਿੱਕਮ ਦੇ ਨਾਥੂ-ਲਾ ਵਿੱਚ 500 ਤੋਂ ਵੱਧ ਸੈਲਾਨੀਆਂ ਵਾਲੇ ਕਰੀਬ 175 ਵਾਹਨ ਫਸ ਗਏ ਸਨ। ਸੂਚਨਾ ਮਿਲਣ ਤੋਂ ਬਾਅਦ, ਤ੍ਰਿਸ਼ਕਤੀ ਕੋਰ ਦੇ ਸਿਪਾਹੀਆਂ ਨੇ ਫਸੇ ਸੈਲਾਨੀਆਂ ਨੂੰ ਬਚਾਉਣ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਮੌਕੇ 'ਤੇ ਪਹੁੰਚ ਗਏ। ਸੈਲਾਨੀਆਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਣ ਵਿੱਚ ਮਦਦ ਲਈ ਸਮੇਂ ਸਿਰ ਡਾਕਟਰੀ ਸਹਾਇਤਾ, ਗਰਮ ਨਾਸ਼ਤਾ/ਭੋਜਨ ਅਤੇ ਸੁਰੱਖਿਅਤ ਆਵਾਜਾਈ ਪ੍ਰਦਾਨ ਕੀਤੀ ਗਈ।