ਬ੍ਰਿਟਿਸ਼ ਕੋਲੰਬੀਆ, 20 ਫਰਵਰੀ (ਪੋਸਟ ਬਿਊਰੋ) : ਬੀਸੀ ਦੇ ਲੋਅਰ ਮੇਨਲੈਂਡ ਵਿੱਚ ਹਰਦੀਪ ਸਿੰਘ ਨਿੱਝਰ ਦੇ ਸਾਥੀ ਦੇ ਘਰ ਉੱਤੇ ਗੋਲੀਆਂ ਚਲਾਉਣ ਵਾਲੇ ਦੋ ਟੀਨੇਜਰਜ਼ ਨੂੰ ਚਾਰਜ ਕੀਤਾ ਗਿਆ ਹੈ।
ਸਿੱਖਾਂ ਲਈ ਆਜ਼ਾਦ ਮੁਲਕ ਦੀ ਪੈਰਵੀ ਕਰਨ ਵਾਲੇ ਗਰੁੱਪ ਵੱਲੋਂ ਇਸ ਸ਼ੂਟਿੰਗ ਵਿੱਚ ਵਿਦੇਸ਼ੀ ਤੱਤਾਂ ਦਾ ਹੱਥ ਹੋਣ ਦੀ ਚਿੰਤਾ ਪ੍ਰਗਟਾਈ ਗਈ ਹੈ ਕਿਉਂਕਿ ਜਿਸ ਵਿਅਕਤੀ ਦਾ ਇਹ ਘਰ ਹੈ ਉਸ ਦੇ ਨਿੱਝਰ ਨਾਲ ਨਜ਼ਦੀਕੀ ਸਬੰਧ ਸਨ। ਜਿ਼ਕਰਯੋਗ ਹੈ ਕਿ ਨਿੱਝਰ ਲੋਕਲ ਖਾਲੀਸਤਾਨ ਲਹਿਰ ਦੀ ਅਹਿਮ ਸ਼ਖ਼ਸੀਅਤ ਸੀ, ਜਿਸ ਦਾ ਪਿਛਲੀਆਂ ਗਰਮੀਆਂ ਵਿੱਚ ਕਤਲ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਆਰਸੀਐਮਪੀ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਸਬੂਤ ਨਹੀਂ ਮਿਲੇ ਹਨ।
ਇਹ ਸੂ਼ਟਿੰਗ ਪਹਿਲੀ ਫਰਵਰੀ ਨੂੰ ਤੜ੍ਹਕੇ ਸਰ੍ਹੀ ਵਿੱਚ 154 ਸਟਰੀਟ ਉੱਤੇ ਸਥਿਤ ਘਰ ਦੇ ਬਾਹਰ ਵਾਪਰੀ। ਲੋਕਲ ਅਧਿਕਾਰੀਆਂ ਵੱਲੋਂ ਇਸ ਨੂੰ ਇੱਕਲਾ ਕਹਿਰਾ ਮਾਮਲਾ ਕਰਾਰ ਦਿੱਤਾ ਗਿਆ ਹੈ ਜਿਸ ਦਾ ਕੋਈ ਸਪਸ਼ਟ ਮੰਤਵ ਨਹੀਂ ਸੀ। ਇਸ ਸੂ਼ਟਿੰਗ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।ਸਰ੍ਹੀ ਦੀ ਆਰਸੀਐਮਪੀ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਉਨ੍ਹਾਂ ਨੂੰ 140 ਸਟਰੀਟ ਉੱਤੇ ਸਥਿਤ ਇੱਕ ਘਰ ਵਿੱਚ ਲੈ ਕੇ ਗਈ, ਜਿੱਥੇ ਅਧਿਕਾਰੀਆਂ ਨੇ 6 ਫਰਵਰੀ ਨੂੰ ਇੱਕ ਸਰਚ ਵਾਰੰਟ ਕਢਵਾ ਕੇ ਤਲਾਸ਼ੀ ਲਈ ਤੇ ਇੱਥੋਂ ਤਿੰਨ ਗੰਨਜ਼ ਦੇ ਨਾਲ ਨਾਲ ਕਈ ਇਲੈਕਟ੍ਰੌਨਿਕ ਡਿਵਾਈਸਿਜ਼ ਵੀ ਪੁਲਿਸ ਨੂੰ ਬਰਾਮਦ ਹੋਈਆਂ।
ਇਸ ਮਾਮਲੇ ਦੇ ਸਬੰਧ ਵਿੱਚ ਪੁਲਿਸ ਨੇ 12 ਫਰਵਰੀ ਨੂੰ 16 ਸਾਲਾਂ ਦੇ ਦੋ ਟੀਨੇਜਰਜ਼ ਨੂੰ ਗ੍ਰਿਫਤਾਰ ਕੀਤਾ ਤੇ ਬੀਸੀ ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਉਨ੍ਹਾਂ ਖਿਲਾਫ ਹਥਿਆਰ ਰੱਖਣ ਦੇ ਚਾਰਜਿਜ਼ ਲਾਉਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ।