ਓਟਵਾ, 29 ਨਵੰਬਰ (ਪੋਸਟ ਬਿਊਰੋ) : ਆਨਲਾਈਨ ਨਿਊਜ਼ ਐਕਟ ਦੇ ਮਾਮਲੇ ਵਿੱਚ ਫੈਡਰਲ ਸਰਕਾਰ ਦੀ ਗੂਗਲ ਨਾਲ ਡੀਲ ਸਿਰੇ ਚੜ੍ਹ ਗਈ ਹੈ। ਇਸ ਡੀਲ ਤਹਿਤ ਗੂਗਲ ਪਬਲਿਸ਼ਰਜ਼ ਨੂੰ ਸਾਲਾਨਾ 100 ਮਿਲੀਅਨ ਡਾਲਰ ਅਦਾ ਕਰੇਗਾ ਤੇ ਬਦਲੇ ਵਿੱਚ ਆਪਣੇ ਪਲੇਟਫਾਰਮ ਉੱਤੇ ਕੈਨੇਡੀਅਨ ਨਿਊਂਜ਼ ਲਾਵੇਗਾ।
ਕੈਨੇਡੀਅਨ ਹੈਰੀਟੇਜ ਮੰਤਰੀ ਪਾਸਕਲ ਸੇਂਟ ਓਂਜ ਨੇ ਐਲਾਨ ਕੀਤਾ ਕਿ ਬਿੱਲ ਸੀ-18 ਨੂੰ ਲਾਗੂ ਕਰਨ ਦਾ ਇਹ ਇਤਿਹਾਸਕ ਫੈਸਲਾ ਹੈ। ਇਸ ਤੋਂ ਪਹਿਲਾਂ ਗੂਗਲ ਨੇ ਉਸ ਸਮੇਂ ਆਪਣੇ ਪਲੇਟਫਾਰਮ ਉੱਤੇ ਕੈਨੇਡੀਅਨ ਨਿਊਜ਼ ਬਲਾਕ ਕਰਨ ਦੀ ਧਮਕੀ ਦਿੱਤੀ ਸੀ ਜਦੋਂ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਹ ਨਵੇਂ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੇ।ਸੇਂਟ ਓਂਜ ਨੇ ਇਹ ਵੀ ਆਖਿਆ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਗੂਗਲ ਨੂੰ ਕੋਈ ਵੀ ਛੋਟ ਨਹੀਂ ਦਿੱਤੀ ਗਈ।
ਬਿੱਲ ਸੀ-18 ਜਾਂ ਆਨਲਾਈਨ ਨਿਊਜ਼ ਐਕਟ ਤਹਿਤ ਅਜਿਹਾ ਫਰੇਮਵਰਕ ਲਿਆਂਦਾ ਗਿਆ ਜਿਸ ਤਹਿਤ ਗੂਗਲ ਤੇ ਮੈਟਾ ਵਰਗੀਆਂ ਡਿਜੀਟਲ ਕੰਪਨੀਆਂ ਨੂੰ ਕੈਨੇਡੀਅਨ ਨਿਊਜ਼ ਸਾਈਟਸ ਦੀਆਂ ਖਬਰਾਂ ਆਪਣੇ ਪਲੇਟਫਾਰਮ ਉੱਤੇ ਵਰਤਣ ਬਦਲੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ। ਪਰ ਜਦੋਂ ਜੂਨ ਵਿੱਚ ਇਹ ਬਿੱਲ ਪਾਸ ਹੋਇਆ ਤਾਂ ਗੂਗਲ ਤੇ ਮੈਟਾ ਨੇ ਇਹ ਆਖਿਆ ਕਿ ਮੀਡੀਆ ਆਰਗੇਨਾਈਜ਼ੇਸ਼ਨਜ਼ ਨੂੰ ਮੁਆਵਜ਼ਾ ਦੇਣ ਦੀ ਥਾਂ ਉਹ ਆਪਣੇ ਪਲੇਟਫਾਰਮਜ਼ ਤੋਂ ਕੈਨੇਡੀਅਨ ਨਿਊਜ਼ ਹੀ ਬਲਾਕ ਕਰ ਦੇਣਗੇ।
ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੈਟਾ ਨੂੰ ਵੀ ਅਜਿਹੀ ਡੀਲ ਕਰਨ ਦੀ ਅਪੀਲ ਕੀਤੀ। ਪਰ ਇੱਥੇ ਦੱਸਣਾ ੁਬਣਦਾ ਹੈ ਕਿ ਮੈਟਾ ਆਪਣੇ ਪਹਿਲਾਂ ਵਾਲੇ ਸਟੈਂਡ ਉੱਤੇ ਹੀ ਕਾਇਮ ਹੈ।