Welcome to Canadian Punjabi Post
Follow us on

04

May 2024
ਬ੍ਰੈਕਿੰਗ ਖ਼ਬਰਾਂ :
ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ
 
ਨਜਰਰੀਆ

ਮੇਰੀ ਪਾਕਿਸਤਾਨ ਫੇਰੀ-13-- ਫੈਸਲਾਬਾਦ (ਪੁਰਾਣਾ ਲਾਇਲਪੁਰ) ਵੇਖਣ ਦੀ ਰੀਝ ਹੋਈ ਪੂਰੀ

June 19, 2023 11:24 PM

ਡਾ. ਸੁਖਦੇਵ ਸਿੰਘ ਝੰਡ

ਫੋਨ: +91 97798 80184

ਸਾਡੇ ਵੱਲੋਂ ਬਦਲਾਏ ਗਏ ਪ੍ਰੋਗਰਾਮ ਅਨੁਸਾਰ ਪਹਿਲੀ ਮਾਰਚ ਨੂੰ ਸਾਡਾ ਭਾਰਤ ਨੂੰ ਵਾਪਸੀ ਦਾ ਦਿਨ ਸੀ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਅਸੀਂ ਫੈਸਲਾਬਾਦ ਜਿਸ ਦਾ ਪੁਰਾਣਾ ਨਾਂ ‘ਲਾਇਲਪੁਰ’ ਸੀ ਅਤੇ ਇਸਦਾ ਇਹ ਨਾਂ ਅੰਗਰੇਜ਼ ਅਫ਼ਸਰ ਸਰ ਜੇਮਜ਼ ਲਾਇਲ ਦੇ ਨਾਂ ਦੇ ਪਿਛਲੇ ਭਾਗ (ਸਰਨੇਮ) ‘ਲਾਇਲ’ ਦੇ ਨਾਂ ‘ਤੇ ਰੱਖਿਆ ਗਿਆ ਸੀ, ਨੂੰ ਵੇਖਣ ਦੀ ਰੀਝ ਮਨ ਵਿੱਚ ਸੀ। ਮੇਰੇ ਵਡੇਰਿਆਂ ਦਾ ਪਿੰਡ ‘ਚੱਕ ਨੰਬਰ 202 ਗੱਟੀ ਤਲਾਵਾਂ’ ਇਸ ਸ਼ਹਿਰ ਤੋਂ ਮਸਾਂ 10 ਕੁ ਕਿਲੋਮੀਟਰ ਹੀ ਦੂਰ ਹੈ ਅਤੇ 1947 ਦੀ ‘ਵੰਡ’ ਤੋਂ ਪਹਿਲਾਂ ਉਨ੍ਹਾਂ ਦਾ ਇਸ ਨੇੜਲੇ ਸ਼ਹਿਰ ਵਿੱਚ ਕਾਫੀ ਆਉਣਾ ਜਾਣਾ ਸੀ। ਮੇਰੇ ਪਿਤਾ ਜੀ ਨੇ 1944 ਵਿੱਚ ਐੱਫ਼.ਐੱਸ.ਸੀ. ਇੱਥੋਂ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਕੀਤੀ ਸੀ। ਉਦੋਂ ਇਹ ਇੰਟਰਮੀਡੀਏਟ ਕਾਲਜ ਸੀ ਅਤੇ ਬੀ.ਐੱਸ.ਸੀ. ਕਰਨ ਲਈ ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ

 

ਦਾਖ਼ਲਾ ਲਿਆ, ਕਿਉਂਕਿ ਮੇਰੇ ਦਾਦਾ ਜੀ ਉਨ੍ਹਾਂ ਨੂੰ ਲਾਹੌਰ ਵਿੱਚ ਨਹੀਂ, ਸਗੋਂ ਅੰਮ੍ਰਿਤਸਰ ਦੇ ਇਸ ਕਾਲਜ ਵਿੱਚ ਹੀ ਪੜ੍ਹਾਉਣਾ ਚਾਹੁੰਦੇ ਸਨ, ਕਿਉਂਕਿ ਉਹ ਇਸ ਕਾਲਜ ਨੂੰ ਸਿੱਖ ਕੌਮ ਦੀ ਸੁਪਰੀਮ ਵਿਦਿਅਕ ਸੰਸਥਾ ਸਮਝਦੇ ਸਨ। ਪਿਤਾ ਜੀ ਨੇ 1946 ਵਿੱਚ ਇੱਥੋਂ ਬੀ.ਐੱਸ.ਸੀ. (ਮੈਡੀਕਲ) ਕੀਤੀ। ਬਚਪਨ ਵਿੱਚ ਉਹ ਸਾਨੂੰ ਲਾਇਲਪੁਰ ਸ਼ਹਿਰ ਦੇ ਘੰਟਾ-ਘਰ ਅਤੇ ਇਸ ਦੇ ਆਲੇ-ਦੁਆਲੇ ਬਣੇ ਅੱਠ ਬਾਜ਼ਾਰਾਂ ਦੀਆਂ ਕਈ ਗੱਲਾਂ ਸੁਣਾਇਆ ਕਰਦੇ ਸਨ ਜੋ ਸਾਡੇ ਲਈ ਬੜੀਆਂ ਹੀ ਦਿਲਚਸਪ ਹੁੰਦੀਆਂ ਸਨ। ਉਹ ਦੱਸਦੇ ਹੁੰਦੇ ਸਨ ਕਿ ਜੇਕਰ ਕੋਈ ਵਿਅੱਕਤੀ ਇਨ੍ਹਾਂ ਅੱਠਾਂ ਬਾਜ਼ਾਰਾਂ ਵਿੱਚੋਂ ਕਿਸੇ ਦੇ ਵਿੱਚ  

 

 

 ਵਿੱਚ ਵੀ ਕਿਧਰੇ ਰਸਤਾ ਭੁੱਲ ਜਾਂਦਾ ਸੀ ਤਾਂ ਉਹ ਉੱਥੋਂ ਵਾਪਸ ਆ ਕੇ ਬੜੀ ਆਸਾਨੀ ਨਾਲ ਘੰਟਾ-ਘਰ ਪਹੁੰਚ ਜਾਂਦਾ ਸੀ।

ਇਸ ਸ਼ਹਿਰ ਵਿੱਚ ਮੈਡੀਕਲ ਸਾਇੰਸ ਨਾਲ ਸਬੰਧਿਤ ਮਹਾਨ ਅਦਾਰਾ ‘ਫੈਸਲਾਬਾਦ ਇਨਸਟੀਚਿਉਟ ਆਫ਼ ਕਾਰਡਿਆਲੌਜੀ’ ਹੈ ਜਿੱਥੇ ਦਿਲ ਦੇ ਰੋਗਾਂ ਨਾਲ ਸਬੰਧਿਤ ਉਚੇਰੀ ਪੜ੍ਹਾਈ ਅਤੇ ਖੋਜ ਹੁੰਦੀ ਹੈ। ਇਸ ਦੇ ਨਾਲ ਜੁੜਿਆ ਦਿਲ ਦੇ ਰੋਗਾਂ ਦਾ ਇੱਕ ਬਹੁਤ ਵੱਡਾ ਹਸਪਤਾਲ ਵੀ ਹੈ। ਇੱਥੇ ‘ਯੂਨੀਵਰਸਿਟੀ ਆਫ਼ ਐਗਰੀਕਲਚਰ ਫੈਸਲਾਬਾਦ’ (ਯੂਏਐੱਫ਼) ਹੈ ਜਿਸ ਨੂੰ ਵੇਖਣ ਦੀ ਤੀਬਰ ਇੱਛਾ ਜੀਜਾ ਜੀ ਡਾ. ਸੁਖਵਿੰਦਰ ਸਿੰਘ ਥਿੰਦ ਦੀ ਸੀ। ਦਰਅਸਲ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ‘ਸੀਨੀਅਰ ਸਾਇਲ ਸਾਇੰਟਿਸਟ’ ਵਜੋਂ ਸੇਵਾ-ਮੁਕਤ ਹੋਏ ਹਨ ਅਤੇ ਫੈਸਲਾਬਾਦ ਦੀ ਇਸ ਖੇਤੀਬਾੜੀ ਯੂਨੀਵਰਸਿਟੀ ਦਾ ਮੁਕਾਬਲਾ ਆਪਣੀ ਯੂਨੀਵਰਸਿਟੀ ਦੇ ਨਾਲ ਕਰਨਾ ਚਾਹੁੰਦੇ ਸੀ। ਇਸ ਤਰ੍ਹਾਂ ਫੈਸਲਾਬਾਦ ਜਾਣ ਦੇ ਸਾਡੇ ਸਾਹਮਣੇ ਦੋ-ਤਿੰਨ ਮਕਸਦ ਸਨ ਜੋ ਅਸੀਂ ਇੱਕੇ ਦਿਨ ਦੇ ਇਸ ਗੇੜੇ ਵਿਚ ਹੀ ਪੂਰੇ ਕਰਨਾ ਚਾਹੁੰਦੇ ਸੀ।

 

ਫੈਸਲਾਬਾਦ ਨੂੰ ਪਾਏ ਚਾਲੇ

ਇੱਥੇ ਚੱਲ ਰਹੀ ਆਪਣੀ ਰੁਟੀਨ ਅਨੁਸਾਰ ਅਸੀਂ ਨੌਂ ਕੁ ਵਜੇ ਹੋਟਲ ਵਿੱਚ ਨਾਸ਼ਤਾ ਕੀਤਾ ਅਤੇ ਏਨੇ ਨੂੰ ਸਾਡੇ ਮੇਜ਼ਬਾਨ ਵੀ ਉੱਥੇ ਸਾਡੇ ਕੋਲ ਪਹੁੰਚ ਗਏ। ਸਾਢੇ ਨੌਂ ਵਜੇ ਅਸੀਂ ਗੱਡੀ ਫੈਸਲਾਬਾਦ ਜਾਣ ਲਈ ਮੋਟਰਵੇਅ ਐੱਮ-2 ‘ਤੇ ਪਾ ਲਈ ਅਤੇ ਅੱਗੋਂ ਸਰਗੋਧੇ ਨੇੜਿਉਂ ਮੋਟਰਵੇਅ ਐੱਮ-4 ਲਿਆ। ਫੈਸਲਾਬਾਦ ਪਹੁੰਚਣ ਲਈ ਸਾਨੂੰ ਲੱਗਭੱਗ ਤਿੰਨ ਘੰਟੇ ਲੱਗ ਗਏ। ਸਮਾਂ ਬਚਾਉਣ ਲਈ ਅਸੀਂ ਰਸਤੇ ਵਿੱਚ 10-15 ਮਿੰਟਾਂ ਦਾ ਹੀ ਇੱਕ ਛੋਟਾ ਜਿਹਾ ਪੜਾਅ ਕੀਤਾ। ਫੈਸਲਾਬਾਦ ਪਹੁੰਚ ਕੇ ਸੱਭ ਤੋਂ ਪਹਿਲਾਂ ਉੱਥੋਂ ਦੀ ਖੇਤੀਬਾੜੀ ਯੂਨੀਵਰਸਿਟੀ ਵੇਖਣ ਦਾ ਪ੍ਰੋਗਰਾਮ ਬਣਿਆ। ਡਰਾਈਵਰ ਸੁਹੇਲ ਫੈਸਲਾਬਾਦ ਦੀਆਂ ਸਾਰੀਆਂ ਸੜਕਾਂ ਅਤੇ ਥਾਵਾਂ ਦਾ ਚੰਗਾ ਜਾਣੂੰ ਸੀ। ਉਹ ਕਈ ਸਾਲ ਪਾਕਿਸਤਾਨ ਦੇ ਟੂਰਿਜ਼ਮ ਵਿਭਾਗ ਨਾਲ ਜੁੜਿਆ ਰਿਹਾ ਸੀ ਅਤੇ ਪਾਕਿਸਤਾਨ ਆਉਣ ਵਾਲੇ ਟੂਰਿਸਟਾਂ ਨੂੰ ਪਾਕਿਸਤਾਨ ਦੇ ਵੱਖ-ਵੱਖ

 

 

ਸ਼ਹਿਰਾਂ, ਕਸਬਿਆਂ ਤੇ ਇਤਿਹਾਸਕ ਥਾਵਾਂ ‘ਤੇ ਲਿਜਾਂਦਾ ਰਿਹਾ ਸੀ। ਉਸ ਨੇ ਗੱਡੀ ਸਿੱਧੀ ਯੂਨੀਵਰਸਿਟੀ ਦੇ ਗੇਟ ਦੇ ਅੱਗੇ ਜਾ ਕੇ ਹੀ ਰੋਕੀ। ਉੱਥੇ ਮੌਜੂਦ ਸੁਰਖਿਆ ਕਰਮਚਾਰੀਆਂ ਨੇ ਸਾਨੂੰ ਰੋਕ ਕੇ ਉੱਥੇ ਆਉਣ ਦਾ ਮਕਸਦ ਪੁੱਛਿਆ ਅਤੇ ਇਹ ਉਨ੍ਹਾਂ ਦੀ ਡਿਊਟੀ ਵੀ ਸੀ। ਜਦੋਂ ਅਸੀਂ ਦੱਸਿਆ ਕਿ ਅਸੀਂ ਇਹ ਯੂਨੀਵਰਸਿਟੀ ਵੇਖਣ ਆਏ ਹਾਂ ਤਾਂ ਉਨ੍ਹਾਂ ਬੜੇ ਅਦਬ ਨਾਲ ਸਾਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ। ਅੱਗੇ ਜਾ ਕੇ ਗੱਡੀ ਪਾਰਕਿੰਗ ਵਿੱਚ ਜਾ ਲਾਈ ਅਤੇ ਉੱਥੋਂ ਅੱਗੋਂ ਪੈਦਲ ਜਾਣਾ ਸੀ।

ਯੂਨੀਵਰਸਿਟੀ ਆਫ਼ ਐਗਰੀਕਲਚਰ ਫੈਸਲਾਬਾਦ ਦਾ ਭੂਮੀ ਵਿਗਿਆਨ ਵਿਭਾਗ ਤੇ ਲਾਇਬ੍ਰੇਰੀ ਵੇਖੀ

ਪਤਨੀ ਜਗਦੀਸ਼ ਦੀ ਤਬੀਅਤ ਰਾਤ ਦੀ ਠੀਕ ਨਹੀਂ ਸੀ। ਦਰਅਸਲ,  ਹਸਨ ਅਬਦਾਲ (ਪੰਜਾ ਸਾਹਿਬ) ਤੋਂ ਵਾਪਸ ਆਉਂਦਿਆਂ ਇੱਕ ਅਫ਼ਗਾਨੀ ਢਾਬੇ ਤੋਂ ਖਾਧਾ ਹੋਇਆ ਖਾਣਾ ਉਸ ਨੂੰ ਠੀਕ ਤਰ੍ਹਾਂ ਨਹੀਂ ਪਚਿਆ ਸੀ ਅਤੇ ਰਾਤ ਨੂੰ ਹੀ ਪੇਟ ‘ਚ ਗੜਬੜ ਸ਼ੁਰੂ ਹੋ ਗਈ ਸੀ। ਉਸ ਨੂੰ ਠੀਕ ਕਰਨ ਲਈ ਉਸ ਨੇ ਨਾਲ ਲਿਆਂਦੀ ਹੋਈ ਦਵਾਈ ਦੀਆਂ ਦੋ ਗੋਲੀਆਂ ਵੀ ਲਈਆਂ ਸਨ ਪਰ ਫਿਰ ਵੀ ਉਸ ਨੂੰ ਰਾਤ ਨੂੰ ਕਈ ‘ਲੂਜ਼-ਇਮੋਸ਼ਨਜ਼’ ਆ ਗਈਆਂ ਸਨ ਅਤੇ ਸਰੀਰ ਨਿਢਾਲ ਜਿਹਾ ਹੋ ਗਿਆ ਸੀ। ਇਸ ਲਈ ਉਸ ਨੇ ਗੱਡੀ ਵਿੱਚ ਹੀ ਆਰਾਮ ਕਰਨਾ ਬੇਹਤਰ ਸਮਝਿਆ ਅਤੇ ਡਰਾਈਵਰ ਸੁਹੇਲ ਨੂੰ ਉਸ ਦੇ ਕੋਲ ਛੱਡ ਕੇ ਅਸੀਂ ਪੰਜੇ ਜਣੇ ਯੂਨੀਵਰਸਿਟੀ ਵੇਖਣ ਤੁਰ ਪਏ। ਸਾਡੀ ਮੁੱਖ ਦਿਲਚਸਪੀ ਯੂਨੀਵਰਸਿਟੀ ਦਾ ਭੂਮੀ ਵਿਗਿਆਨ ਵਿਭਾਗ (ਸਾਇਲ ਸਾਇੰਸ ਡਿਪਾਰਟਮੈਂਟ) ਅਤੇ ਲਾਇਬ੍ਰੇਰੀ ਵੇਖਣ ਦੀ ਸੀ ਜੋ ਕ੍ਰਮਵਾਰ ਸਾਡੇ ਦੋਹਾਂ (ਜੀਜਾ ਜੀ ਅਤੇ ਮੇਰੀ) ਦਿਲਚਸਪੀ ਦੇ ਵਿਭਾਗ ਸਨ।

 

ਅਸੀਂ ਸਿੱਧੇ ਸਾਇਲ ਡੀਪਾਰਟਮੈਂਟ ਵੱਲ ਗਏ ਅਤੇ ਉੱਥੇ ਜਾ ਕੇ ਵਿਭਾਗ ਦੇ ਮੁਖੀ ਨੂੰ ਮਿਲੇ। ਉਨ੍ਹਾਂ ਸਾਨੂੰ ਆਪਣੇ ਵਿਭਾਗ ਦਾ ਚੱਕਰ ਲਵਾਇਆ ਅਤੇ ਉਸ ਦੀਆਂ ਦੋ-ਤਿੰਨ ਲੈਬਾਰਟਰੀਆਂ ਵਿਖਾਈਆਂ। ਇਸ ਦੌਰਾਨ ਉਨ੍ਹਾਂ ਸਾਨੂੰ ਤਿੰਨ-ਚਾਰ ਭੂਮੀ-ਵਿਗਿਆਨੀਆਂ ਨਾਲ ਵੀ ਮਿਲਾਇਆ। ਉਨ੍ਹਾਂ ਵਿਗਿਆਨੀਆਂ  ਦੇ ਨਾਂ ਤਾਂ ਹੁਣ ਇਸ ਵੇਲੇ ਯਾਦ ਨਹੀਂ ਆ ਰਹੇ, ਅਲਬੱਤਾ, ਉਦੋਂ ਇਹ ਪੂਰੀ ਤਰ੍ਹਾਂ ਯਾਦ ਹੋ ਗਏ ਸਨ।

 

ਅਜੋਕੇ ਸਮੇਂ ਵਿੱਚ ਕੰਪਿਊਟਰ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਵਿਭਾਗ ਦੇ ਨਾਂ ਦੇ ਨਾਲ ਕੰਪਿਊਟਰ ਇੰਜੀਨੀਅਰਿੰਗ ਵੀ ਜੁੜਿਆ ਹੋਇਆ ਸੀ ਅਤੇ ਇਸ ਦਾ ਨਾਂ ‘ਸਾਇਲ ਸਾਇੰਸ ਐਂਡ ਕੰਪਿੳਟਰ ਇੰਜੀਨੀਅਰਿੰਗ’ ਰੱਖਿਆ ਗਿਆ ਸੀ। ਯੂਨੀਵਰਸਿਟੀ ਦੀ ਇਸ ਇਮਾਰਤ ਵਿੱਚ ਹੋਰ ਵੀ ਕਈ ਵਿਭਾਗ ਸਨ ਪਰ ਉਨ੍ਹਾਂ ਨੂੰ ਵੇਖਣ ਜਾਣ ਲਈ ਸਾਡੇ ਕੋਲ ਸਮਾਂ ਨਹੀਂ ਸੀ।

‘ਭੂਮੀ ਵਿਗਿਆਨ ਵਿਭਾਗ’ ਤੋਂ ਵਾਪਸ ਆਉਂਦਿਆਂ ਯੂਨੀਵਰਸਿਟੀ ਦੀ ਲਾਇਬ੍ਰੇਰੀ ਵੇਖੀ। ਲਾਇਬ੍ਰੇਰੀ ਦੇ ਅੰਦਰ ਜਾ ਕੇ ਯੂਨੀਵਰਸਿਟੀ ਲਾਇਬ੍ਰੇਰੀਅਨ ਦੇ ਦਫ਼ਤਰ ਵਿੱਚ ਉਨ੍ਹਾਂ ਨੂੰ ਮਿਲੇ। ਸਾਡੇ ਨਾਲ ਲਾਇਬ੍ਰੇਰੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਾਇਬ੍ਰੇਰੀਅਨ ਸਾਹਿਬ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਹੋਣ ਕਾਰਨ ਇਸ ਵਿੱਚ ਬੇਸ਼ਕ ਖੇਤੀਬਾੜੀ ਨਾਲ ਸਬੰਧਿਤ ਪੁਸਤਕਾਂ ਅਤੇ ਖੋਜ-ਰਿਸਾਲੇ ਹੀ ਵਧੇਰੇ ਉਪਲੱਭਧ ਹਨ ਪਰ ਇਸ ਦੇ ਨਾਲ ਹੀ ਆਮ-ਵਾਕਫੀ ਅਤੇ ਸਾਂਝੀ ਦਿਲਚਸਪੀ ਦੀਆਂ ਪੁਸਤਕਾਂ ਤੇ ਰਿਸਾਲੇ ਵੀ ਇੱਥੇ ਕਾਫੀ ਗਿਣਤੀ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਲਾਇਬ੍ਰੇਰੀ ਵਿੱਚ ‘ਆਨ-ਲਾਈਨ’ ਵੀ ਕਈ ਪੁਸਤਕਾਂ ਤੇ ਰਿਸਾਲੇ ਉਪਲੱਭਧ ਸਨ। ਉਨ੍ਹਾਂ ਨੇ ਸਾਨੂੰ ਲਾਇਬ੍ਰੇਰੀ ਦਾ ਰਾਊਂਡ ਲਵਾਇਆ ਅਤੇ ਚਾਹ ਦੀ ਸੁਲਾਹ ਵੀ ਮਾਰੀ ਪਰ ਅਸੀਂ ਇਸ ਦੇ ਲਈ ਮੁਆਫੀ ਮੰਗਦਿਆਂ ਹੋਇਆਂ ਕਿਹਾ ਕਿ ਅਸੀਂ ਉੱਥੋਂ ਜਲਦੀ ਜਾ ਕੇ ਸ਼ਹਿਰ ਦੀਆਂ ਹੋਰ ਦਿਲਚਸਪ ਥਾਵਾਂ ਅਜੇ ਵੇਖਣੀਆਂ ਹਨ ਅਤੇ ਸ਼ਾਮ ਨੂੰ ਲਾਹੌਰ ਵੀ ਜਲਦੀ ਪਹੁੰਚਣਾ ਹੈ।

ਫੈਸਲਾਬਾਦ ਦਾ ਮਸ਼ਹੂਰ ਘੰਟਾ-ਘਰ ਚੌਂਕ ਵੇਖਿਆ

ਫੈਸਲਾਬਾਦ ਦੀ ਖੇਤੀਬਾੜੀ ਯੂਨੀਵਰਸਿਟੀ ਵੇਖਣ ਤੋਂ ਬਾਦ ਸਾਡਾ ਅਗਲਾ ਪੜਾਅ ਇੱਥੋਂ ਦਾ ਘੰਟਾ-ਘਰ ਵੇਖਣ ਦਾ ਸੀ। ਇਸ ਦਾ ਨਾਂ ਪਹਿਲਾਂ ‘ਲਾਇਲਪੁਰ ਕਲਾਕ ਟਾਵਰ’ ਸੀ ਅਤੇ ਹੁਣ ਇਸ ਨੂੰ ‘ਫੈਸਲਾਬਾਦ ਕਲਾਕ ਟਾਵਰ’ ਕਿਹਾ ਜਾਂਦਾ ਹੈ। ਇਹ ਪੁਰਾਣੇ ਲਾਇਲਪੁਰ ਦਾ ਸੱਭ ਤੋਂ ਪੁਰਾਣਾ ‘ਮਾਨੂਮੈਂਟ’ ਹੈ ਅਤੇ ਅੰਗਰੇਜ਼ੀ ਰਾਜ ਦੇ ਸਮੇਂ 1905 ਵਿੱਚ ਬਣੇ ਹੋਏ ਪਲੇਟਫਾਰਮ ‘ਤੇ ਓਸੇ ਹੀ ਤਰ੍ਹਾਂ ਖੜਾ ਹੈ। ਇਸ ਨੂੰ ਇੱਥੇ ਬਨਾਉਣ ਦਾ ਫੈਸਲਾ ਝੰਗ ਜ਼ਿਲੇ ਦੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸਰ ਜੇਮਜ਼ ਲਾਇਲ ਵੱਲੋਂ ਲਿਆ

 

 

ਗਿਆ ਸੀ।  ਇਸ ਦਾ ਨੀਂਹ-ਪੱਥਰ 14 ਨਵੰਬਰ 1905 ਨੂੰ ਬ੍ਰਿਟਿਸ਼ ਰਾਜ ਦੇ ਪੰਜਾਬ ਸੂਬੇ ਦੇ ਲੈਫ਼ਟੀਨੈਂਟ ਗਵਰਨਰ ਸਰ ਚਾਰਲਸ ਰਿਵਾਜ਼ ਵੱਲੋਂ ਰੱਖਿਆ ਗਿਆ ਸੀ।

ਇਹ ਘੰਟਾ-ਘਰ ਫੈਸਲਾਬਾਦ ਸ਼ਹਿਰ ਦੇ ਐਨ ਸੈਂਟਰ ਵਿੱਚ ਹੈ ਅਤੇ ਇੱਥੋਂ ਅੱਠ ਬਾਜ਼ਾਰ ਵੱਖ-ਵੱਖ ਦਿਸ਼ਾਵਾਂ ਨੂੰ ਬਾਹਰ ਵੱਲ ਨਿਕਲਦੇ ਹਨ। ਇਸ ਤਰ੍ਹਾਂ ਇਹ ਮਹਿਜ਼ ਇੱਕ ‘ਗੋਲ ਚੌਂਕ’ ਨਾ ਹੋ ਕੇ ਅੱਠ ਵੱਖ-ਵੱਖ ਬਾਜ਼ਾਰਾਂ ਦਾ ਕੇਂਦਰ ਹੈ। ਚੋਣਾਂ ਦੇ ਸਮੇਂ ਇਹ ਪਾਕਿਸਤਾਨ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੀਆਂ ਸਰਗ਼ਰਮੀਆਂ ਦਾ ਕੇਂਦਰ ਵੀ ਬਣ ਜਾਂਦਾ ਹੈ। ਉਹ ਇੱਥੇ ਆਪਣੀਆਂ ਚੋਣ-ਰੈਲੀਆਂ ਕਰਦੀਆਂ ਹਨ ਅਤੇ ਫਿਰ ਆਪਣੇ ਵਰਕਰਾਂ ਤੇ ਵਾਲੰਟੀਅਰਾਂ ਨੂੰ ਲੈ ਕੇ ਇੱਥੋਂ ਜਲੂਸ ਦੀ ਸ਼ਕਲ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਆਪਣਾ ਚੋਣ-ਪ੍ਰਚਾਰ ਕਰਦੀਆਂ ਹਨ। ਇੱਥੇ ਹੋਰ ਵੀ ਕਈ ਕਿਸਮ ਦੇ ਰਾਜਨੀਤਕ ਅਤੇ ਰੋਸ-ਮੁਜ਼ਾਹਰੇ ਹੁੰਦੇ ਰਹਿੰਦੇ ਹਨ। ਇੱਥੋਂ ਹਰ ਸਾਲ ਮਸ਼ਹੂਰ ‘ਈਦ ਮਿਲਾਦ ਨਬੀ ਧਾਰਮਿਕ ਮੇਲੇ’ ਦੀ ਰੈਲੀ ਕੱਢੀ ਜਾਂਦੀ ਹੈ ਅਤੇ ਮੁਹੱਰਮ ਦਾ ਜਲੂਸ ਵੀ ਇੱਥੋਂ ਹੀ ਆਰੰਭ ਹੁੰਦਾ ਹੈ। ਇਸ ਘੰਟਾ-ਘਰ ਦੀ ਇੱਕ ਖਾਸੀਅਤ ਇਹ ਵੀ ਦੱਸੀ ਜਾਂਦੀ ਹੈ ਹੈ ਕਿ 1960’ਵਿਆਂ ਵਿੱਚ ਪਾਕਿਸਤਾਨ ਦੇ ਮਸ਼ਹੂਰ ਜੱਜ ਮੁਹੰਮਦ ਰੁਸਤਮ ਕਾਇਆਨੀ ਨੇ ਉਸ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਅਯੂਬ ਖਾਨ ਦੇ ਰਾਜ ਨੂੰ ਫੈਸਲਾਬਾਦ ਦੇ ਇਸ ਘੰਟਾ-ਘਰ ਦੀ ਉਚਾਈ ਦੇ ਨਾਲ ਵਡਿਆਇਆ ਸੀ। ਉਸ ਦਾ ਕਹਿਣਾ ਸੀ ਕਿ ਜਿਵੇਂ ਇਹ ਉੱਚਾ ਘੰਟਾ-ਘਰ ਸ਼ਹਿਰ ਵਿੱਚ ਦੂਰੋਂ ਹੀ ਵਿਖਾਈ ਦਿੰਦਾ ਹੈ, ਬਿਲਕੁਲ ਓਸੇ ਤਰ੍ਹਾਂ ਜਨਰਲ ਅਯੂਬ ਖਾਨ ਦਾ ਰਾਜ ਵੀ ਚਾਰ-ਚੁਫੇਰਿਉਂ ਦੂਰ-ਦੂਰ ਤੱਕ ਦਿਸਦਾ ਹੈ।

ਆਬਾਦੀ ਦੇ ਪੱਖੋਂ ਫੈਸਲਾਬਾਦ ਪਾਕਿਸਤਾਨ ਦਾ ਤੀਸਰਾ ਵੱਡਾ ਸ਼ਹਿਰ ਹੈ। 2017 ਦੀ ਮਰਦਮ-ਸ਼ੁਮਾਰੀ ਮੁਤਾਬਿਕ ਇਸ ਦੀ ਆਬਾਦੀ 32 ਲੱਖ ਸੀ। 1.49 ਕਰੋੜ ਦੀ ਜਨ-ਸੰਖਿਆ ਨਾਲ ਪਹਿਲਾ ਨੰਬਰ ਕਰਾਚੀ ਦਾ ਹੈ ਅਤੇ ਇਸ ਤੋਂ ਅੱਗੇ ਦੂਸਰਾ ਨੰਬਰ ਲਾਹੌਰ ਦਾ ਹੈ ਜਿਸ ਦੀ ਜਨ-ਸੰਖਿਆ 1.11 ਕਰੋੜ

 

 

ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਸਦੀ ਪਹਿਲਾਂ ਲਾਇਲਪੁਰ ਸ਼ਹਿਰ ਦੀ ਕੋਈ ਹੋਂਦ ਨਹੀਂ ਸੀ ਅਤੇ 1839 ਵਿੱਚ ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਵਿੱਚ ਜਦੋਂ ਅੰਗਰੇਜ਼ ਪੰਜਾਬ ‘ਤੇ ਕਾਬਜ਼ ਹੋ ਗਏ ਤਾਂ ਉਨ੍ਹਾਂ ਵੱਲੋਂ ਇਸ ਇਲਾਕੇ ਵਿੱਚ ‘ਬਾਰਾਂ’ ਵਸਾਉਣ ਤੋਂ ਪਿੱਛੋਂ ਇਹ ਸ਼ਹਿਰ ਵਸਾਇਆ ਗਿਆ। ਇਸ ਤਰ੍ਹਾਂ ਇਸ ਦੀ ਗਿਣਤੀ ਪਾਕਿਸਤਾਨ ਦੇ ਅਜੋਕੇ ਨਵੇਂ ਸ਼ਹਿਰਾਂ ਵਿੱਚ ਆਉਂਦੀ ਹੈ। 1979 ਵਿੱਚ ਇਸ ਦਾ ਨਾਂ ਬਦਲ ਕੇ ਅਜੋਕਾ ਨਾਂ ‘ਫੈਸਲਾਬਾਦ’ ਕਰ ਦਿੱਤਾ ਗਿਆ।

ਫੈਸਲਾਬਾਦ ਦੇ ਘੰਟਾ-ਘਰ ਚੌਂਕ ਵਿੱਚ ਪਹੁੰਚ ਕੇ ਅਸੀਂ ਇਸ ਦੇ ਦੋ ਬਾਜ਼ਾਰਾਂ ਦਾ ਛੋਟਾ ਜਿਹਾ ਚੱਕਰ ਲਾਇਆ। ਇੱਕ ਦੁਕਾਨ ਤੋਂ ਆਈਸ-ਕਰੀਮ ਖਾਧੀ। ਫੈਸਲਾਬਾਦ ਦੋ ਪੰਜਾਬੀਆਂ ਨੇ ਸਾਨੂੰ ਲਾਗਲੀ ਦੁਕਾਨ ਤੋਂ ਲੱਸੀ ਪੀਣ ਦੀ ਸੁਲਾਹ ਮਾਰੀ ਪਰ ਅਸੀਂ ਇਹ ਕਹਿੰਦਿਆਂ ਹੋਇਆਂ ਉਨ੍ਹਾਂ ਦਾ ਧੰਨਵਾਦ ਕਰ ਦਿੱਤਾ ਕਿ ਅਸੀਂ ਹੁਣੇ ਹੀ ਆਈਸ- ਕਰੀਮ ਖਾ ਕੇ ਹਟੇ ਹਾਂ। ਤਬੀਅਤ ਠੀਕ ਨਾ ਹੋਣ ਕਰਕੇ ਪਤਨੀ ਜਗਦੀਸ਼ ਦਾ ਆਈਸ-ਕਰੀਮ ਖਾਣ ਨੂੰ ਮਨ ਨਹੀਂ ਕਰ ਰਿਹਾ ਸੀ ਅਤੇ ਉਸ ਨੇ ਕੇਲੇ ਖਾਣ ਦੀ ਇੱਛਾ ਜ਼ਾਹਿਰ ਕੀਤੀ ਪਰ ਕੇਲੇ ਸਾਨੂੰ ਨੇੜੇ-ਤੇੜੇ ਕਿਧਰੇ ਵੀ ਦਿਖਾਈ ਨਾ ਦਿੱਤੇ। ਇਸ ਦੇ ਲਈ ਮੈਂ ਕੁਝ ਦੂਰ ਵਾਲੀਆਂ ਦੁਕਾਨਾਂ ਦਾ ਵੀ ਗੇੜਾ ਲਗਾ ਕੇ ਆਇਆ ਪਰ ਇਹ ਮੈਨੂੰ ਕਿਤਿਉਂ ਨਾ ਮਿਲੇ। ਇਸ ਦੇ ਬਾਰੇ ਅਸੀਂ ਆਪਸ ਵਿੱਚ ਗੱਲ ਕਰ ਰਹੇ ਸੀ ਕਿ ਇੱਕ ਨੌਜੁਆਨ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਇਹ ਇੱਥੋਂ ਨਹੀਂ ਮਿਲਣੇ, ਮੈਂ ਤੁਹਾਨੂੰ ਲਿਆ ਦਿੰਦਾ ਹਾਂ। ਉਸ ਨੇ ਆਪਣੇ ਮੋਟਰਸਾਈਕਲ ਨੂੰ ਕਿੱਕ ਮਾਰੀ ਅਤੇ ਦਸਾਂ ਕੁ ਮਿੰਟਾਂ ਵਿੱਚ ਕੇਲਿਆਂ ਦਾ ਇੱਕ ਵੱਡਾ ਸਾਰਾ ਗੁੱਛਾ ਲੈ ਆਇਆ ਜਿਸ ਵਿੱਚ ਦਰਜਨ ਤੋਂ ਵੀ ਵਧੇਰੇ ਕੇਲੇ ਸਨ। ਉਸ ਨੂੰ ਪੈਸੇ ਦੇਣ ਲਈ ਮੈਂ ਪੈਂਟ ਵਿੱਚੋਂ ਬਟੂਆ ਕੱਢ ਕੇ ਉਸ ਨੂੰ ਪੈਸੇ ਦੇਣ ਲੱਗਾ ਤਾਂ ਉਹ ਮੇਰਾ ਹੱਥ ਆਪਣੇ ਹੱਥ ਨਾਲ ਪਿੱਛੇ ਕਰਦਿਆਂ ਕਹਿਣ ਲੱਗਾ, “ਰਹਿਣ ਦਿਓ, ਸਰਦਾਰ ਜੀ, ਤੁਸੀਂ ਸਾਡੇ ਮਹਿਮਾਨ ਹੋ।” ਇੱਕ ਹੋਰ ਬਾਜ਼ਾਰ ਵਿੱਚ ਥੋੜ੍ਹਾ ਜਿਹਾ ਹੋਰ ਘੁੰਮ ਕੇ ਅਸੀਂ ਲਾਹੌਰ ਨੂੰ ਵਾਪਸੀ ਕਰਨ ਬਾਰੇ ਸੋਚਿਆ। ਦਰਅਸਲ, ਮੈਡਮ ਜਗਦੀਸ਼ ਨੂੰ ਆਰਾਮ ਦੀ ਜ਼ਰੂਰਤ ਸੀ।  ਰਸਤੇ ਵਿੱਚ ਇੱਕ ਥਾਂ ‘ਤੇ ਚਾਹ-ਪਾਣੀ ਛਕਿਆ ਪੀਤੀ ਅਤੇ ਲਾਹੌਰ ਨੂੰ ਵਾਪਸੀ ਪਾ ਲਈ। ਸ਼ਾਮ ਦੇ ਛੇ ਕੁ ਵਜੇ ਲਾਹੌਰ ਪਹੁੰਚੇ।

 

 

ਮੈਡਮ ਨੂੰ ਹਸਪਤਾਲ ਲਿਜਾਣ ਦੀ ਲੋੜ ਮਹਿਸੂਸ ਹੋਈ

ਹੋਟਲ ਵਿੱਚ ਵਾਪਸ ਪਹੁੰਚ ਕੇ ਅਜੇ ਅਸੀਂ ਕਿਸੇ ਚੰਗੇ ਜਿਹੇ ਡਾਕਟਰ ਕੋਲੋਂ ਦਵਾਈ ਲੈਣ ਬਾਰੇ ਸੋਚ ਹੀ ਰਹੇ ਸੀ ਕਿ ਸੁਹੇਲ ਕਹਿਣ ਲੱਗੇ, “ਮੈਡਮ ਹੁਰਾਂ ਨੂੰ ਹਸਪਤਾਲ ਲੈ ਚੱਲੀਏ ਅਤੇ ਉੱਥੇ ਜਾ ਕੇ ਡਰਿੱਪ ਲਵਾਈਏ। ਮੈਨੂੰ ਤਾਂ ਇਹ ‘ਡਾਇਰੀਏ’ ਵਾਲੀ ਹਾਲਤ ਹੋ ਗਈ ਜਾਪਦੀ ਹੈ ਅਤੇ ਤੁਹਾਡੀ ਕੱਲ੍ਹ ਨੂੰ ਵਾਪਸੀ ਵੀ ਹੈ। ਛੋਟੀ-ਮੋਟੀ ਦਵਾਈ ਦੇ ਨਾਲ ਜਲਦੀ ਆਰਾਮ ਨਹੀਂ ਆਉਣ ਲੱਗਾ।“ ਸੁਹੇਲ ਦੇ ਇਸ ਮਸ਼ਵਰੇ ‘ਤੇ ਮੈਂ ਅਤੇ ਜਗਦੀਸ਼ ਉਸ ਦੇ ਨਾਲ ਲਾਹੌਰ ਦੇ ‘ਨੂਰ ਹਸਪਤਾਲ’ ਪਹੁੰਚੇ ਜੋ ਉਸ ਦੇ ਘਰ ਦੇ ਨਜ਼ਦੀਕ ਹੀ ਪੈਂਦਾ ਸੀ ਅਤੇ ਉਸ ਦਾ ਮਾਲਕ ਡਾਕਟਰ ਮੁਹੰਮਦ ਰਫੀਕ ਉਸ ਦਾ ਚੰਗਾ ਜਾਣਕਾਰ ਸੀ। ਗੱਡੀ ਪਾਰਕਿੰਗ ਵਿੱਚ ਲਗਾ ਕੇ ਜਾਂਦਿਆਂ ਹੀ ਸੁਹੇਲ ਨੇ ਕਾਊਂਟਰ ਤੋਂ ਦਾਖ਼ਲਾ ਫੀਸ 300 ਰੁਪਏ ਦੀ ‘ਆੳਟ ਡੋਰ ਪੇਸ਼ੈਂਟ’ ਪਰਚੀ ਕਟਾਈ ਅਤੇ ਅਸੀਂ ਸਿੱਧੇ ਡਾਕਟਰ ਕੋਲ ਚਲੇ ਗਏ। ਸੁਹੇਲ ਨੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਇਹ ਮੇਰੇ ਮਹਿਮਾਨ ਕੈਨੇਡਾ ਤੋਂ ਆਏ ਹਨ ਅਤੇ ਮੈਡਮ ਹੁਰਾਂ ਦੀ ਤਬੀਅਤ ਰਾਤ ਤੋਂ ਖ਼ਰਾਬ ਚੱਲ ਰਹੀ ਹੈ। ਜਦੋਂ ਉਨ੍ਹਾਂ ਉਲਟੀਆਂ ਤੇ ਲੂਜ਼-ਇਮੋਸ਼ਨਜ਼ ਦੀ ਗੱਲ ਦੱਸੀ ਤਾਂ ਡਾਕਟਰ ਸਾਹਿਬ ਓਸੇ ਵੇਲੇ ਸਮਝ ਗਏ ਕਿ ਇਹ ਡਾਇਰੀਆ ਦਾ ਕੇਸ ਹੈ। ਉਨ੍ਹਾਂ ਇਕ ਨਰਸ ਨੂੰ ਨਾਲ਼ ਵਾਲੇ ਕੈਬਿਨ ਵਿੱਚ ਫਟਾਫ਼ਟ ਡਰਿੱਪ ਲਗਾਉਣ ਲਈ ਕਿਹਾ ਅਤੇ ਦੂਸਰੀ ਨੂੰ ਪਰਚੀ ਦੇ ਕੇ ਫੀਸ ਵਾਲੇ ਪੈਸੇ ਵਾਪਸ ਲਿਆਉਣ ਲਈ ਕਹਿ ਦਿੱਤਾ। ਅਸੀਂ ਉਨ੍ਹਾਂ ਨੂੰ ਬਥੇਰਾ ਕਿਹਾ ਕਿ ਪਰਚੀ ਦੇ ਇਹ ਪੈਸੇ ਰੱਖ ਲਓ ਪਰ ਉਹ ਅੱਗੋਂ ਕਹਿਣ ਲੱਗੇ, “ਤੁਸੀਂ ਸਾਡੇ ਮਹਿਮਾਨ ਹੋ ਅਤੇ ਮੈਂ ਮਹਿਮਾਨਾਂ ਕੋਲੋਂ ਫੀਸ ਕਿਵੇਂ ਲੈ ਸਕਦਾ ਹਾਂ।” ਹੋਰ ਤਾਂ ਹੋਰ ਉਨ੍ਹਾਂ ਨੇ ਸਾਡੇ ਕੋਲੋਂ ਦਵਾਈ ਦੇ ਵੀ ਕੋਈ ਪੈਸੇ ਨਾ ਲਏ। ਡਰਿੱਪ ਦੀਆਂ ਵਾਰੋ-ਵਾਰੀ ਤਿੰਨ ਬੋਤਲਾਂ ਲੱਗੀਆਂ ਅਤੇ ਇਸ ਦੇ ਲਈ ਸਾਨੂੰ ਉੱਥੇ ਹਸਪਤਾਲ ਵਿੱਚ ਦੋ ਘੰਟੇ ਤੋਂ ਵੀ ਵਧੇਰੇ ਸਮਾਂ ਲੱਗ ਗਿਆ।

 

 

 

ਹਸਪਤਾਲ ਜਾਂਦੇ ਸਮੇਂ ਸੁਹੇਲ ਨੇ ਆਪਣੀ ਬੇਗ਼ਮ ਸਾਹਿਬਾਂ ਨੂੰ ‘ਮਹਿਮਾਨ ਮਰੀਜ਼’ ਦੇ ਲਈ ਖਿਚੜੀ ਬਨਾਉਣ ਲਈ ਫੋਨ ਕਰ ਦਿੱਤਾ ਸੀ। ਹਸਪਤਾਲੋਂ ਵਿਹਲੇ ਹੋ ਕੇ ਅਸੀਂ ਸੁਹੇਲ ਦੇ ਘਰ ਨੂੰ ਚੱਲ ਪਏ। ਉਸ ਨੇ ਰਾਹ ਵਿੱਚੋਂ ਹੀ ਆਪਣੀ ਬੇਗ਼ਮ ਨੂੰ ਫੋਨ ਕਰ ਦਿੱਤਾ ਕਿ ਖਿਚੜੀ ਵਾਲਾ ਬਰਤਨ ਲੈ ਕੇ ਉਹ ਗੇਟ ‘ਤੇ ਖਲੋਣ, ਕਿਉਂਕਿ ਅਸੀਂ ਹੋਟਲ ਵਾਪਸ ਜਲਦੀ ਪਹੁੰਚਣਾ ਚਾਹੁੰਦੇ ਸੀ। ਸਾਡੇ ਉੱਥੇ ਪਹੁੰਚਣ ‘ਤੇ ਉਹ ਆਪਣੀ ਧੀ ਦੇ ਨਾਲ ਘਰ ਦੇ ਗੇਟ ਵਿੱਚ ਖੜੀ ਸਾਡੀ ਉਡੀਕ ਕਰ ਰਹੀ ਸੀ।

‘ਅਲਬੇਲਾ ਤੇ ਗੋਗਾ ਜੋੜੀ’ ਨਾਲ ਡਿਨਰ ਅਤੇ ਇੰਟਰਵਿਊ

ਉਸ ਦਿਨ ਸ਼ਾਮ ਨੂੰ ਅਸੀਂ ਲਾਹੌਰ ਦੇ ਮਸ਼ਹੂਰ ਹਾਸਰਸ-ਕਲਾਕਾਰਾਂ ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਨੂੰ ਖਾਣੇ ‘ਤੇ ਬੁਲਾਇਆ ਹੋਇਆ ਸੀ ਅਤੇ ਬਾਅਦ ਵਿੱਚ ਭੈਣ ਗੁਰਚਰਨ ਨੇ ਉਨ੍ਹਾਂ ਦੋਹਾਂ ਨਾਲ ਇੰਟਰਵਿਊ ਵੀ ਕਰਨੀ ਸੀ। ਦੋਹਾਂ ਕਲਾਕਾਰਾਂ ਦੀ ਇਹ ਜੋੜੀ ਲਹਿੰਦੇ ਪੰਜਾਬ ਵਿੱਚ ‘ਸਲੀਮ ਤੇ ਗੋਗਾ ਜੋੜੀ’ ਦੇ ਨਾਂ ਨਾਲ ਮਸ਼ਹੂਰ ਹੈ। ਯੂਟਿਊਬ ‘ਤੇ ਸਲੀਮ ਅਲਬੇਲਾ ਦਾ ਆਪਣਾ ਚੈਨਲ ਹੈ ਅਤੇ ਉਹ ਆਪਣੀਆਂ ਵੀਡੀਓਜ਼ ਇਸ ਚੈਨਲ ਉੱਪਰ ਅਕਸਰ ਪਾਉਂਦਾ ਰਹਿੰਦਾ ਹੈ। ਲੋਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।  ਹਸਪਤਾਲੋਂ ਵਾਪਸ ਆਉਂਦਿਆਂ ਅਸੀਂ ਕੁਝ ਲੇਟ ਹੋ ਗਏ ਸੀ ਅਤੇ ਸਾਡੇ ਉੱਥੇ ਪਹੁੰਚਦਿਆਂ ਨੂੰ ਉਹ ਹੋਟਲ ਵਿੱਚ ਅਹਿਮਦ ਰਜ਼ਾ, ਸੁਖਵਿੰਦਰ ਤੇ ਗੁਰਚਰਨ ਦੇ ਨਾਲ ਖਾਣਾ ਖਾ ਰਹੇ ਸਨ। ਜਗਦੀਸ਼ ਨੇ ਤਾਂ ਸੁਹੇਲ ਵੱਲੋਂ ਲਿਆਂਦੀ ਗਈ ਖਿਚੜੀ ਹੀ ਖਾਣੀ ਸੀ ਅਤੇ ਮੈਂ ਉਸ ਨੂੰ ਕਮਰੇ ਵਿੱਚ ਛੱਡ ਆਇਆ। ਹੇਠਾਂ ਵਾਪਸ ਆ ਕੇ ਮੈਂ ਤੇ ਸੁਹੇਲ ਵੀ ਉਨ੍ਹਾਂ ਦੇ ਨਾਲ ਖਾਣੇ ਵਿੱਚ ਸ਼ਾਮਲ ਹੋ ਗਏ।

ਖਾਣੇ ਤੋਂ ਵਿਹਲੇ ਹੋ ਕੇ ਅਸੀਂ ਹੋਟਲ ਦੀ ਲਾਬੀ ਵਿੱਚ ਆ ਗਏ ਅਤੇ ਉੱਥੇ ਸਜੇ ਹੋਏ ਦੋ ਸੋਫਿਆਂ ‘ਤੇ ਸੱਜ ਗਏ। ਅਹਿਮਦ ਰਜ਼ਾ ਵੱਲੋਂ ਸਲੀਮ ਅਲਬੇਲਾ ਤੇ ਉਸ ਦੇ ਸਾਥੀ ਗੋਗਾ ਨੂੰ ਇੱਕ ਸੋਫੇ ‘ਤੇ ਬੈਠਣ ਲਈ ਕਿਹਾ ਗਿਆ ਅਤੇ ਉਨ੍ਹਾਂ ਦੋਹਾਂ ਦੇ ਵਿਚਕਾਰ ਬੈਠ ਕੇ ਗੁਰਚਰਨ ਨੇ ਉਨ੍ਹਾਂ ਨਾਲ ਇੰਟਰਵਿਊ  ਸ਼ੁਰੂ ਕਰ ਦਿੱਤੀ। ਫੈਸਲ ਨੇ ਆਪਣੇ ਕੈਮਰੇ ਨੂੰ ਬਾ-ਕਾਇਦਾ ਤਿਪਾਈ ‘ਤੇ ਟਿਕਾਇਆ ਹੋਇਆ ਸੀ ਅਤੇ ਉਹ ਇਸ ਉੱਪਰ ਬਰਾਬਰ ਨਜ਼ਰ ਰੱਖ ਰਿਹਾ ਸੀ। ਇੰਟਰਵਿਊ ਵਿਚ ਗੁਰਚਰਨ ਵੱਲੋਂ ਉਨ੍ਹਾਂ ਦੋਹਾਂ ਦੇ ਪਰਿਵਾਰਕ

 

ਪਿਛੋਕੜ ਅਤੇ ਕਾਮੇਡੀ-ਕਲਾ ਵਿੱਚ ਆਉਣ ਬਾਰੇ ਕਈ ਸੁਆਲ ਪੁੱਛੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਹਾਸਿਆਂ ਅਤੇ ਕਿਲਕਾਰੀਆਂ ਭਰੀ ਆਵਾਜ਼ ਵਿਚ ਦਿੱਤੇ ਗਏ। ਇੰਟਰਵਿਊ ਦੇ ਅਖੀਰ ਵੱਲ ਵੱਧਦਿਆਂ ਗੁਰਚਰਨ ਨੇ ਉਨ੍ਹਾਂ ਨੂੰ ਆਪਣੀ ਕਿਸੇ ਛੋਟੀ ਜਿਹੀ ਸਕਿੱਟ ਦਾ ਨਮੂੰਨਾ ਪੇਸ਼ ਕਰਨ ਲਈ ਕਿਹਾ ਅਤੇ ਉਨ੍ਹਾਂ ਨੇ ਦੋ ਕੁ ਮਿੰਟ ਦੀ ਆਪਣੀ ਸਕਿੱਟ ਵਿੱਚ ਸਾਨੂੰ ਨੇੜੇ ਬੈਠਿਆਂ ਨੂੰ ਉੱਚੀ-ਉੱਚੀ ਹੱਸਣ ਲਈ ਮਜਬੂਰ ਕਰ ਦਿੱਤਾ। ਹੋ ਸਕਦਾ ਹੈ ਕਿ ਸਾਡੇ ਉਸ ਹਾਸੇ ਦੀ ਆਵਾਜ਼ ਫੈਸਲ ਦੇ ਕੈਮਰੇ ਵਿੱਚ ਵੀ ਆ ਗਈ ਹੋਵੇ। ਰਾਤ ਦੇ ਗਿਆਰਾਂ ਵੱਜ ਰਹੇ ਸਨ। ਸਲੀਮ ਅਲਬੇਲਾ ਤੇ ਉਸ ਦੇ ਸਾਥੀ ਗੋਗਾ ਨੇ ਸਾਡੇ ਕੋਲੋਂ ਵਿਦਾ ਲਈ ਅਤੇ ਅਸੀਂ ਵੀ ਰਜ਼ਾ, ਸੁਹੇਲ ਅਤੇ ਫੈਸਲ ਹੁਰਾਂ ਨੂੰ ‘ਗੁੱਡ-ਨਾਈਟ’ ਕਹਿੰਦੇ ਹੋਏ ਹੋਟਲ ਦੀ ਨੌਵੀੰ ਮੰਜ਼ਲ ‘ਤੇ ਸਥਿਤ ਆਪਣੇ ਕਮਰਿਆਂ ਵੱਲ ਚੱਲ ਪਏ।

 

 

               

 

 

 

 

 

 

 

 

 

 

 

 

 

                

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ!