ਓਟਵਾ, 23 ਮਈ (ਪੋਸਟ ਬਿਊਰੋ) : ਦੇਸ਼ ਭਰ ਦੇ ਕਈ ਏਅਰਪੋਰਟਸ ਉੱਤੇ ਕੈਨੇਡਾ ਅਗਲੇ ਮਹੀਨੇ ਤੋਂ ਭਰੋਸੇਯੋਗ ਟਰੈਵਲਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਖੁਲਾਸਾ ਫੈਡਰਲ ਟਰਾਂਸਪੋਰਟੇਸ਼ਨ ਮੰਤਰੀ ਨੇ ਮੰਗਲਵਾਰ ਨੂੰ ਕੀਤਾ।
ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਦੱਸਿਆ ਕਿ ਸਕਿਊਰਿਟੀ ਉੱਤੇ ਸਮਾਂ ਖਪਾਉਣ ਵਾਲੀ ਲੰਮੀਂ ਪ੍ਰਕਿਰਿਆ ਨੂੰ ਖ਼ਤਮ ਕਰਨ ਲਈ ਨੈਕਸਸ ਤੇ ਭਰੋਸੇਯੋਗ ਟਰੈਵਲਰ ਪ੍ਰੋਗਰਾਮ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਇਹ ਪ੍ਰੋਗਰਾਮ ਟੋਰਾਂਟੋ, ਵੈਨਕੂਵਰ, ਕੈਲਗਰੀ, ਐਡਮੰਟਨ, ਵਿੰਨੀਪੈਗ ਤੇ ਮਾਂਟਰੀਅਲ ਵਿੱਚ 7 ਜੂਨ ਤੇ 21 ਜੂਨ ਦਰਮਿਆਨ ਲਾਗੂ ਕੀਤਾ ਜਾਵੇਗਾ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਅਲਘਬਰਾ ਵੱਲੋਂ ਇਹ ਐਲਾਨ ਕੀਤਾ ਗਿਆ।
ਉਨ੍ਹਾਂ ਆਖਿਆ ਕਿ ਇਸ ਨਵੇਂ ਪ੍ਰੋਗਰਾਮ ਤਹਿਤ ਟਰੈਵਲਰਜ਼ ਆਪਣੇ ਕੈਰੀ ਆਨ ਵਿੱਚ ਲੈਪਟੌਪ, ਵੱਡੇ ਇਲੈਕਟ੍ਰੌਨਿਕ ਗੈਜੇਟਸ ਤੋਂ ਇਲਾਵਾ ਕੁੱਝ ਲਿਕੁਇਡਸ ਤੇ ਜੈੱਲਜ਼ ਆਦਿ ਵੀ ਲਿਜਾ ਸਕਣਗੇ।