ਓਟਵਾ, 19 ਮਈ (ਪੋਸਟ ਬਿਊਰੋ) : ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਫੈਡਰਲ ਲਿਬਰਲ ਸਰਕਾਰ ਦਾ ਗੰਨ ਕੰਟਰੋਲ ਲੈਜਿਸਲੇਸ਼ਨ ਬਿੱਲ ਸੀ-21 ਪਾਸ ਹੋ ਗਿਆ।
ਬਹੁਗਿਣਤੀ ਐਮਪੀਜ਼ ਨੇ ਬਿੱਲ ਪਾਸ ਹੋਣ ਲਈ ਵੋਟ ਪਾਈ ਜਦਕਿ ਦੋ ਲਿਬਰਲ ਐਮਪੀਜ਼, ਜਿਹੜੇ ਉੱਤਰੀ ਹਲਕਿਆਂ ਨਾਲ ਸਬੰਧਤ ਹਨ, ਨੇ ਕੰਜ਼ਰਵੇਟਿਵਾਂ ਦੀ ਤਰਜ਼ ਉੱਤੇ ਇਸ ਬਿੱਲ ਦੇ ਖਿਲਾਫ ਵੋਟ ਪਾਈ।ਪਹਿਲੀ ਵਾਰੀ ਪੇਸ਼ ਕੀਤੇ ਜਾਣ ਤੋਂ ਇੱਕ ਸਾਲ ਬਾਅਦ ਇਹ ਬਿੱਲ ਪਾਸ ਹੋਇਆ ਹੈ। ਮਈ 2022 ਵਿੱਚ ਜਦੋਂ ਇਸ ਨੂੰ ਪੇਸ਼ ਕੀਤਾ ਗਿਆ ਸੀ ਉਸ ਨਾਲੋਂ ਹੁਣ ਇਸ ਵਿੱਚ ਕਾਫੀ ਪਸਾਰ ਹੋ ਚੁੱਕਿਆ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਬਿੱਲ ਵਿੱਚ ਪ੍ਰਸਤਾਵਿਤ ਗੰਨ ਕੰਟਰੋਲ ਮਾਪਦੰਡਾਂ ਦੇ ਪਸਾਰ ਤੇ ਇਸ ਬਿੱਲ ਵਿੱਚ ਕੀਤੀਆਂ ਗਈਆਂ ਸੋਧਾਂ ਪੇਸ਼ ਕੀਤੀਆਂ। ਇਸ ਬਿੱਲ ਵਿੱਚ ਕੀਤੀਆਂ ਗਈਆਂ ਸੋਧਾਂ, ਪਸਾਰ ਤੇ ਤਬਦੀਲੀਆਂ ਤੋਂ ਬਾਅਦ ਇਸ ਦਾ ਰੂਪ ਕੁੱਝ ਇਸ ਤਰ੍ਹਾਂ ਹੋ ਗਿਆ : ਇੱਕ ਵਾਰੀ ਬਿੱਲ ਲਾਗੂ ਹੋਣ ਤੋਂ ਬਾਅਦ ਕ੍ਰਿਮੀਨਲ ਕੋਡ ਦੀ ਤਕਨੀਕੀ ਪਰੀਭਾਸ਼ਾ ਵਿੱਚ ਅਸਾਲਟ ਸਟਾਈਲ ਹਥਿਆਰਾਂ ਉੱਤੇ ਪਾਬੰਦੀ ਲੱਗ ਜਾਵੇਗੀ, ਗੋਸਟ ਗੰਨਜ਼ ਤਿਆਰ ਕਰਨ ਜਾਂ ਇਨ੍ਹਾਂ ਨੂੰ ਖਰੀਦਣ ਉੱਤੇ ਵੀ ਕਾਨੂੰਨੀ ਤੌਰ ਉੱਤੇ ਰੋਕ ਹੋਵੇਗੀ, ਇੰਡੀਜੀਨਸ ਟਰੀਟੀ ਅਧਿਕਾਰਾਂ ਨੂੰ ਬਰਕਰਾਰ ਰੱਖਣ ਦੀ ਸਰਕਾਰੀ ਸ਼ਬਦਾਵਲੀ ਨੂੰ ਸਪਸ਼ਟ ਕੀਤਾ ਗਿਆ, ਪ੍ਰਭਾਵੀ ਹੋਣ ਤੋਂ ਬਾਅਦ ਇਸ ਨੂੰ ਪੰਜ ਸਾਲ ਬਾਅਦ ਤਕਨੀਕੀ ਪਰੀਭਾਸ਼ਾ ਦਾ ਪਾਰਲੀਮਾਨੀ ਮੁਲਾਂਕਣ ਕੀਤਾ ਜਾਵੇਗਾ।
ਪਰ ਵਿਰੋਧੀ ਧਿਰ ਕੰਜ਼ਰਵੇਟਿਵ ਦਾ ਕਹਿਣਾ ਹੈ ਕਿ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਇਸ ਕਾਨੂੰਨ ਰਾਹੀਂ ਨਿਸ਼ਾਨਾਂ ਨਹੀਂ ਬਣਾਇਆ ਜਾਣਾ ਚਾਹੀਦਾ।ਬਲਾਕ ਕਿਊਬਿਕੁਆ, ਨਿਊ ਡੈਮੋਕੈ੍ਰਟ ਤੇ ਗ੍ਰੀਨ ਕਾਕਸਿਜ਼ ਵੱਲੋਂ ਬਿੱਲ ਸੀ-21 ਦਾ ਸਮਰਥਨ ਕੀਤਾ ਗਿਆ। ਵੋਟਾਂ ਦੀ ਗਿਣਤੀ 113 ਦੇ ਮੁਕਾਬਲੇ 207 ਰਹੀ।