ਓਟਵਾ, 16 ਮਈ (ਪੋਸਟ ਬਿਊਰੋ) : ਸਟੈਟੇਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਆਖਿਆ ਕਿ ਪਿਛਲੇ ਸਾਲ ਜੂਨ ਵਿੱਚ ਮਹਿੰਗਾਈ ਵਧਣ ਤੋਂ ਬਾਅਦ ਇਹ ਮਹਿੰਗਾਈ ਇਸ ਸਾਲ ਪਹਿਲੀ ਵਾਰੀ ਅਪਰੈਲ ਵਿੱਚ ਵਧੀ ਹੈ।
ਏਜੰਸੀ ਨੇ ਆਖਿਆ ਕਿ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਉਸ ਦਾ ਕੰਜਿ਼ਊਮਰ ਪ੍ਰਾਈਸ ਇੰਡੈਕਸ 4·4 ਫੀ ਸਦੀ ਵੱਧ ਸੀ ਜਦਕਿ ਮਾਰਚ ਵਿੱਚ ਇਹ 4·3 ਫੀ ਸਦੀ ਸੀ।ਸਟੈਟੇਸਟਿਕਸ ਕੈਨੇਡਾ ਨੇ ਆਖਿਆ ਕਿ ਜੂਨ 2022 ਵਿੱਚ 8·1 ਫੀ ਸਦੀ ਤੱਕ ਮਹਿੰਗਾਈ ਦਰ ਪਹੁੰਚਣ ਦਾ ਕਾਰਨ ਵੱਧ ਮਾਰਗੇਜ ਇੰਟਰਸਟ ਕੀਮਤਾਂ ਸਨ। ਇਨ੍ਹਾਂ ਕੀਮਤਾਂ ਵਿੱਚ ਹੋਰ ਵਾਧਾ ਕਿਰਾਇਆਂ ਦੀਆਂ ਕੀਮਤਾਂ ਵਿੱਚ ਹੋਏ 6·1 ਫੀ ਸਦੀ ਵਾਧੇ ਕਾਰਨ ਹੋਇਆ।
ਇਸ ਦੌਰਾਨ ਗਰੌਸਰੀ ਦੀਆਂ ਕੀਮਤਾਂ, ਜਿਨ੍ਹਾਂ ਉੱਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ, ਇੱਕ ਸਾਲ ਪਹਿਲਾਂ ਦੇ ਮੁਕਾਬਲੇ 9·1 ਫੀ ਸਦੀ ਵੱਧ ਚੁੱਕੀਆਂ ਹਨ। ਪਰ ਇਹ ਵਾਧਾ ਮਾਰਚ ਵਿੱਚ ਸਾਲ ਦਰ ਸਾਲ ਦੇ ਹਿਸਾਬ ਨਾਲ ਹੋਏ 9·7 ਫੀ ਸਦੀ ਵਾਧੇ ਨਾਲੋਂ ਘੱਟ ਸੀ। ਅਪਰੈਲ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ 8·8 ਫੀ ਸਦੀ ਵਾਧਾ ਦਰਜ ਕੀਤਾ ਗਿਆ ਜਦਕਿ ਮਾਰਚ ਵਿੱਚ ਇਹ ਵਾਧਾ 10·8 ਫੀ ਸਦੀ ਸੀ। ਕੌਫੀ ਤੇ ਚਾਹ ਦੀਆਂ ਕੀਮਤਾਂ ਵਿੱਚ ਵੀ ਮਾਰਚ ਵਿੱਚ ਹੋਏ 11·1 ਫੀ ਸਦੀ ਵਾਧੇ ਦੇ ਮੁਕਾਬਲੇ 6·4 ਫੀ ਸਦੀ ਵਾਧਾ ਰਿਕਾਰਡ ਕੀਤਾ ਗਿਆ।
ਗੈਸੋਲੀਨ ਦੀਆਂ ਕੀਮਤਾਂ ਵਿੱਚ ਅਪਰੈਲ ਦੇ ਮਹੀਨੇ 7·7 ਫੀ ਸਦੀ ਦੇ ਹਿਸਾਬ ਨਾਲ ਗਿਰਾਵਟ ਦਰਜ ਕੀਤੀ ਗਈ ਜਦਕਿ ਰੂਸ ਤੇ ਯੂਕਰੇਨ ਦੀ ਜੰਗ ਕਾਰਨ ਇੱਕ ਸਾਲ ਪਹਿਲਾਂ ਇਹ ਕੀਮਤਾਂ ਵੱਧ ਸਨ। ਅਪਰੈਲ ਵਿੱਚ ਗੈਸੋਲੀਨ ਦੀਆਂ ਕੀਮਤਾਂ ਵਿੱਚ ਮਾਰਚ ਦੇ ਮੁਕਾਬਲੇ 6·3 ਫੀ ਸਦੀ ਵਾਧਾ ਦਰਜ ਕੀਤਾ ਗਿਆ।