ਓਟਵਾ, 14 ਮਈ (ਪੋਸਟ ਬਿਊਰੋ) : ਅਗਲੇ ਮਹੀਨੇ ਚਾਰ ਫੈਡਰਲ ਰਾਈਡਿੰਗਜ਼ ਦੇ ਵੋਟਰ ਆਪਣੇ ਐਮਪੀਜ਼ ਦੀ ਚੋਣ ਲਈ ਜਿ਼ਮਨੀ ਚੋਣਾਂ ਵਿੱਚ ਹਿੱਸਾ ਲੈਣਗੇ।
ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਤਿੰਨ ਪ੍ਰੋਵਿੰਸਾਂ ਦੀਆਂ ਖਾਲੀ ਸੀਟਾਂ ਨੂੰ ਭਰਨ ਲਈ 19 ਜੂਨ ਨੂੰ ਚਾਰ ਥਾਂਵਾਂ ਉੱਤੇ ਜਿ਼ਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਮੈਨੀਟੋਬਾ ਵਿੱਚ ਵਿਨੀਪੈਗ ਸਾਊਥ ਸੈਂਟਰ ਰਾਈਡਿੰਗ ਉੱਤੇ ਲਿਬਰਲ ਉਮੀਦਵਾਰ ਬੈਨ ਕਾਰ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਇਸ ਸੀਟ ਉੱਤੇ ਉਨ੍ਹਾਂ ਦੇ ਪਿਤਾ, ਲੰਮੇਂ ਸਮੇਂ ਤੋਂ ਐਮਪੀ ਤੇ ਸਾਬਕਾ ਕੈਬਨਿਟ ਮੰਤਰੀ ਜਿੰਮ ਕਾਰ ਕਾਬਜ਼ ਸਨ, ਜਿਨ੍ਹਾਂ ਦੀ ਦਸੰਬਰ ਵਿੱਚ ਮੌਤ ਹੋ ਗਈ।
ਦੱਖਣੀ ਮੈਨੀਟੋਬਾ ਦੇ ਹਲਕੇ ਪੋਰਟੇਜ ਲਿਸਗਰ ਦੀ ਸੀਟ ਕੰਜ਼ਰਵੇਟਿਵ ਐਮਪੀ ਤੇ ਸਾਬਕਾ ਅੰਤਰਿਮ ਪਾਰਟੀ ਆਗੂ ਕੈਂਡਿਸ ਬਰਜਨ ਦੇ ਫਰਵਨੀ ਵਿੱਚ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਸਾਲ ਅਕਤੂਬਰ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਬਰਜਨ ਮੈਨੀਟੋਬਾ ਪ੍ਰੋਗਰੈਸਿਵ ਕੰਜ਼ਰਵੇਟਿਵ ਚੋਣ ਮੁਹਿੰਮ ਦੀ ਕੋ-ਚੇਅਰ ਬਣਨ ਜਾ ਰਹੀ ਹੈ। 15 ਸਾਲ ਤੱਕ ਸਿਆਸਤ ਵਿੱਚ ਰਹਿਣ ਤੋਂ ਬਾਅਦ ਮਾਰਚ ਵਿੱਚ ਲਿਬਰਲ ਐਮਪੀ ਤੇ ਸਾਬਕਾ ਕੈਬਨਿਟ ਮੰਤਰੀ ਮਾਰਕ ਗਾਰਨਿਊ ਨੇ ਕਿਊਬਿਕ ਦੇ ਨੌਤਰੇ-ਦਾਮੇ-ਡੀ-ਗ੍ਰੇਸ-ਵੈਸਟਮਾਊਂਟ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ।ਉਹ ਐਸਟਰੋਨਾਟ ਵੀ ਰਹਿ ਚੁੱਕੇ ਹਨ।
ਦੱਖਣਪੱਛਮੀ ਓਨਟਾਰੀਓ ਦੇ ਹਲਕੇ ਆਕਸਫੋਰਡ ਤੋਂ ਕੰਜ਼ਰਵੇਟਿਵ ਐਮਪੀ ਡੇਵ ਮੈਕੈਂਜੀ ਜਨਵਰੀ ਵਿੱਚ ਪਾਸੇ ਹੋ ਗਏ ਸਨ। ਇਹ ਚਾਰੇ ਹਲਕੇ ਸਬੰਧਤ ਪਾਰਟੀਆਂ ਦਾ ਮਜ਼ਬੂਤ ਗੜ੍ਹ ਮੰਨੇ ਜਾ ਰਹੇ ਹਨ ਕਿਉਂਕਿ ਪਿੱਛੇ ਜਿਹੇ ਹੋਈਆਂ ਚੋਣਾਂ ਵਿੱਚ ਇਨ੍ਹਾਂ ਪਾਰਟੀਆਂ ਨੇ ਇੱਥੇ ਚੰਗੀ ਕਾਰਗੁਜ਼ਾਰੀ ਵਿਖਾਈ ਸੀ। ਇਲੈਕਸ਼ਨ ਕੈਨੇਡਾ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ਚਾਰ ਹਲਕਿਆਂ ਵਿੱਚ 9 ਤੋਂ 12 ਜੂਨ ਨੂੰ ਐਡਵਾਂਸ ਪੋਲਿੰਗ ਸ਼ੁਰੂ ਕਰ ਦਿੱਤੀ ਜਾਵੇਗੀ।
ਇੱਥੇ ਦੱਸਣਾ ਬਣਦਾ ਹੈ ਕਿ ਅਲਬਰਟਾ ਦੇ ਕੰਜ਼ਰਵੇਟਿਵ ਐਮਪੀ ਬੌਬ ਬੈਨਜਨ ਵੱਲੋਂ ਪਿਛਲੇ ਸਾਲ ਦੇ ਅੰਤ ਵਿੱਚ ਕੈਲਗਰੀ ਹੈਰੀਟੇਜ ਹਲਕੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਨਵੇਂ ਮੈਂਬਰ ਦੀ ਚੋਣ ਲਈ ਇੱਥੇ 2 ਜੁਲਾਈ ਨੂੰ ਜਿ਼ਮਨੀ ਚੋਣਾਂ ਹੋ ਸਕਦੀਆਂ ਹਨ।