Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਨਜਰਰੀਆ

ਨਹੀਂ ਭੁੱਲਦੇ 1947 ਦੇ ਹੱਲੇ

August 29, 2022 05:29 PM

-ਮਨਮੋਹਨ ਸਿੰਘ ਦਾਊਂ
ਮੈਂ ਜਦੋਂ ਵੀ ਬਚਪਨ ਦੀਆਂ ਯਾਦਾਂ ਚੇਤੇ ਕਰਦਾ ਹਾਂ ਤਾਂ ਉਹ ਅੱਖੀਂ ਡਿੱਠੀ ਤੇ ਕੰਨੀ ਸੁਣੀ ਘਟਨਾ ਭੁਲਾਈ ਨਹੀਂ ਜਾਂਦੀ। ਗੱਲ 1947 ਦੀ ਹੈ। ਸ਼ਾਇਦ ਉਸ ਦਿਨ ਐਤਵਾਰ ਸੀ। ਆਮ ਐਤਵਾਰ ਵਾਂਗ ਅਸੀਂ ਵੀ ਆਪਣੇ ਪਿਤਾ ਜੀ ਨਾਲ ਪਿੰਡ ਦੇ ਖੂਹ ਉੱਤੇ ਕੱਪੜੇ ਧੋਣ ਲੱਗੇ ਸਾਂ ਕਿ ਖੋਫ਼ਨਾਕ ਖ਼ਬਰ ਫੈਲ ਗਈ। ‘ਹੱਲੇ ਪੈ ਗਏ। ਹੱਲੇ ਪੈ ਗਏ।' ਮੇਰੀ ਉਮਰ ਛੇ ਕੁ ਸਾਲ ਸੀ। ਪੰਜਾਬ ਦੀ ਵੰਡ ਜਾਂ ਪਾਕਿਸਤਾਨ ਬਣਨ ਦੀ ਗੱਲ ਮੈਨੂੰ ਕੀ ਸਮਝ ਆਉਣੀ ਸੀ। ਹੱਲੇ ਸ਼ਬਦ ਨੇ ਸਾਰੇ ਪਿੰਡ ਵਿੱਚ ਹਲਚਲ ਮਚਾ ਦਿੱਤੀ। ਚੁਬੱਚਾ ਪਾਣੀ ਦਾ ਭਰਿਆ ਪਿਆ ਸੀ ਤੇ ਅਸੀਂ ਕੁਝ ਕੱਪੜੇ ਅਜੇ ਗਿੱਲੇ ਹੀ ਕੀਤੇ ਸਨ ਕਿ ਸਾਨੂੰ ਹੱਥਾਂ-ਪੈਰਾਂ ਦੀ ਪੈ ਗਈ। ਖੂਹ ਨਾਲ ਲੱਗਦੇ ਘਰ ਮੁਸਲਮਾਨਾਂ ਦੇ ਸਨ। ਚਬੱਚੇ ਵਿੱਚੋਂ ਨੁੱਚੜਦੇ ਕੱਪੜੇ ਇਕੱਠੇ ਕਰ ਕੇ ਅਸੀਂ ਘਰ ਨੂੰ ਭੱਜਣ ਦੀ ਕੀਤੀ। ਮੈਂ ਚੁਬੱਚੇ ਵਿੱਚੋਂ ਪਿੱਤਲ ਦੀ ਗੜਵੀ ਸਾਂਭ ਕੇ ਪਿਤਾ ਜੀ ਦੇ ਪਿੱਛੇ ਹੋ ਤੁਰਿਆ।
ਉਦੋਂ ਮੇਰੇ ਲਈ ਗੜਵੀ ਹੀ ਇੱਕ ਜ਼ਰੂਰੀ ਵਸਤ ਸੀ। ਅੱਜ ਜਦੋਂ ਕਦੇ ਉਹ ਦਿਨ ਯਾਦ ਆਉਂਦਾ ਹੈ ਤਾਂ ਸੋਚੀਦਾ ਹੈ ਕਿ ਆਪਣੇ ਪਿੰਡ ਨੂੰ ਛੱਡ ਕੇ ਜਾਣਾ ਕਿੰਨਾ ਔਖਾ ਹੁੰਦਾ ਹੈ। ਜਨਮ-ਭੂਮੀ ਦਾ ਮੋਹ ਆਪਣੀ ਮਾਂ ਦੀ ਗੋਦ ਵਰਗਾ ਹੁੰਦਾ ਹੈ। ਅਸੀਂ ਤਾਂ ਗੜਵੀ ਤੇ ਕੱਪੜੇ ਸਾਂਭ ਲਏ, ਪਰ ਧੰਨ ਉਨ੍ਹਾਂ ਲੋਕਾਂ ਦਾ ਜੇਰਾ, ਜਿਹੜੇ ਆਪਣੀ ਜਾਨ ਤੋਂ ਸਿਵਾਏ, ਆਪਣੀ ਹੋਰ ਕੋਈ ਵੀ ਚੀਜ਼ ਨਹੀਂ ਚੁੱਕ ਸਕੇ। ਉਨ੍ਹਾਂ ਅਣਧੋਤੇ ਗਿੱਲੇ ਕੱਪੜਿਆਂ ਦੇ ਨੁੱਚੜਦੇ ਪਾਣੀ ਵਾਂਗ ਵੰਡੇ ਪੰਜਾਬ ਦੀ ਪੀੜ ਦੇ ਅੱਥਰੂ ਅਜੇ ਵੀ ਸੁੱਕੇ ਨਹੀਂ। ਭਾਵੇਂ ਡੂੰਘਾ ਜ਼ਖ਼ਮ ਭਰ ਜਾਵੇ, ਪਰ ਉਸਦਾ ਨਿਸ਼ਾਨ ਮਿਟਦਾ ਨਹੀਂ। ਸਭ ਨੂੰ ਨੱਠ-ਭੱਜ ਪੈ ਗਈ। ਪਿੰਡ ਦੇ ਲੋਕ ਕੋਠਿਆਂ ਉੱਤੇ ਚੜ੍ਹ ਗਏ। ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਫੈਲ ਰਹੀਆਂ ਸਨ। ‘‘ਪਿੰਡ ਫੂਕ ਦਿੱਤੇ। ਫ਼ਤੀਆ ਆ ਗਿਆ, ਤਿਆਰ ਰਹੋ। ਕਤਲੇਆਮ ਹੋ ਰਿਹਾ। ਫਲਾਣੀ ਥਾਂ ਇੰਨੇ ਮਾਰ ਦਿੱਤੇ।'' ਅਸੀਂ ਬਾਹਰਲੇ ਪਿੱਪਲ ਵਾਲੇ ਘਰ ਤੋਂ ਅੰਦਰਲੇ ਮਕਾਨ ਵਿੱਚ ਆ ਗਏ। ਮਾਤਾ ਜੀ ਬਹੁਤ ਵਿਆਕੁਲ ਹੋ ਰਹੇ ਸਨ। ‘‘ਤੁਹਾਨੂੰ ਤਾਂ ਕੰਮ ਪਿਆਰਾ'' ਮਾਤਾ ਜੀ ਮੇਰੇ ਪਿਤਾ ਜੀ ਨੂੰ ਉਚੀ-ਉਚੀ ਬੋਲ ਰਹੇ ਸਨ। ਘਬਰਾਹਟ ਨਾਲ ਹਰ ਕੋਈ ਸਹਿਮਿਆ ਹੋਇਆ ਸੀ।
ਸਾਡਾ ਬਾਹਰਲਾ ਮਕਾਨ ਮੁਸਲਮਾਨਾਂ ਦੇ ਘਰਾਂ ਨੇੜੇ ਹੁੰਦਾ ਸੀ। ਮੈਂ ਖੇਡਦੇ-ਖੇਡਦੇ ‘ਮਿੱਤੇ' (ਗੁਆਂਢੀ ਮੁਸਲਮਾਨ) ਦੇ ਘਰੀਂ ਜਾ ਵੜਦਾ। ਉਸ ਦਾ ਛੋਟਾ ਲੜਕਾ ‘ਘੁੱਦਾ' ਮੇਰਾ ਆੜੀ ਹੁੰਦੀ ਸੀ। ਪਿੱਪਲ ਦੇ ਪੱਤਿਆਂ ਦੀ ਰੇਲ ਬਣਾ ਕੇ ਅਸੀਂ ਖੇਡਿਆ ਕਰਦੇ। ਉਹ ਸਾਡੇ ਘਰ ਲੁਕਣਮੀਚੀ ਖੇਡਣ ਆ ਜਾਂਦਾ। ਘੁੱਦੇ ਦੀ ਅੰਮੀ ਸਾਨੂੰ ਕੌਲੀਆਂ ਵਿੱਚ ਦੇਸੀ ਘਿਉ ਨਾਲ ਬਣਾਏ ਮਿੱਠੇ ਚੌਲ ਖਾਣ ਨੂੰ ਦਿੰਦੀ। ਸਾਡੇ ਘਰ ਘੁੱਦਾ ਕੜਾਹ-ਪ੍ਰਸ਼ਾਦ ਖਾਣ ਆ ਜਾਂਦਾ। ਕਦੇ-ਕਦੇ ਅਸੀਂ ਲੜ ਵੀ ਪੈਂਦੇ ਪਰ ਸਾਡੇ ਘਰਾਂ ਦੀ ਗੂੜ੍ਹੀ ਸਾਂਝ ਉਵੇਂ ਹੀ ਰਹਿੰਦੀ। ਘੁੱਦੇ ਦੀਆਂ ਭੈਣਾਂ ਮੇਰੀਆਂ ਭੈਣਾਂ ਨਾਲ ਖੇਡਦੀਆਂ ਰਹਿੰਦੀਆਂ। ਪਿੱਪਲ ਥੱਲੇ ਰੌਣਕ ਰਹਿੰਦੀ। ਅਪਣੱਤ ਦੀਆਂ ਤੰਦਾਂ ਅਣਵੰਡੀਆਂ ਸਨ। ਉਸ ਦਿਨ ਅਸੀਂ ਸਾਰੇ ਗਲੀ ਵਾਲੇ, ਬਸਾਖੀ ਤਰਖਾਣ ਦੇ ਕੱਚੇ ਚੁਬਾਰੇ ਵਿੱਚ ਇਕੱਠੇ ਹੋ ਗਏ। ਕਿੰਨੇ ਵਰ੍ਹੇ ਬੀਤ ਗਏ ਹਨ। ਨਾ ਬਸਾਖੀ ਤਰਖਾਣ ਰਿਹਾ ਅਤੇ ਨਾ ਉਸ ਦਾ ਚੁਬਾਰਾ। ਪਰ ਉਸ ਦਿਨ ਚੁਬਾਰੇ ਵਿੱਚ ਲਈ ਪਨਾਹ ਕਿੰਨਾ ਚਿਰ ਲੋਕਾਂ ਵਿੱਚ ਦੰਦ-ਕਥਾ ਬਣੀ ਰਹੀ। ਹੱਲਿਆਂ ਦੀਆਂ ਘਟਨਾਵਾਂ ਕਿੰਨਾ ਚਿਰ ਵਾਪਰਦੀਆਂ ਰਹੀਆਂ, ਮੇਰੇ ਬਾਲ-ਮਨ ਨੂੰ ਚੇਤੇ ਹਨ। ਪਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪਿੰਡ ਵਿੱਚ ਲੋਕਾਂ ਨੇ ਪਿੰਡ ਦੇ ਲੁਹਾਰਾਂ ਤੇ ਤਰਖਾਣਾਂ ਤੋਂ ਨੇਜ਼ੇ, ਬਰਛੇ, ਟਕੂਏ, ਗੰਡਾਸੀਆਂ ਤੇ ਗੰਡਾਸੇ ਜ਼ਰੂਰ ਬਣਵਾਏ। ਅਸੀਂ ਵੀ ਤੂੜੀ ਵਾਲੇ ਕੋਠੇ ਵਿੱਚ ਦੋ ਬਰਛੇ ਤੇ ਇੱਕ ਨੇਜ਼ਾ ਬਣਵਾ ਕੇ ਲੁਕੋ ਦਿੱਤੇ। ਮੈਂ ਡਰਦਾ ਬਰਛੇ ਵਾਲੇ ਕੋਠੇ ਵਿੱਚ ਨਾ ਵੜਦਾ। ਮੈਥੋਂ ਵੱਡੇ ਭਰਾ ਨੇ ਆਪਣੇ ਆੜੀ ਰਤੀਏ ਨਾਲ ਮਿਲ ਕੇ ਦੌਲੇ ਤਰਖਾਣ ਤੋਂ ਲੋਹੇ ਦੀ ਛੋਟੀ ਤਲਵਾਰਾਂ ਬਣਵਾ ਲਈ। ਬਾਅਦ ਵਿੱਚ ਕਿੰਨਾ ਚਿਰ ਉਹ ਤਲਵਾਰ ਖੱਲ-ਖੂੰਜਿਆਂ ਵਿੱਚ ਰੁਲਦੀ ਰਹੀ। ਉਦੋਂ ਪਿੰਡ ਦੇ ਨਿਆਣਿਆਂ ਕੋਲ ਖਿਡੌਣੇ ਵੀ ਹਥਿਆਰ ਬਣ ਗਏ। ਇਹ ਵੱਢ-ਟੁੱਕ ਦਾ ਦੌਰ ਕਈ ਮਹੀਨੇ ਚੱਲਿਆ ਤੇ ਪੰਜਾਬ ਸਦਾ ਲਈ ਪੱਛਿਆ ਗਿਆ।
ਅਸੀਂ ਲੋਕਾਂ ਨੂੰ ਗੱਲਾਂ ਕਰਦੇ ਸੁਣਦੇ ਕਿ ਓਧਰ ਮੁਸਲਮਾਨਾਂ ਨੇ ਹਿੰਦੂਆਂ ਅਤੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਹੈ। ਬੱਚਿਆਂ ਨੂੰ ਉਪਰ ਉਛਾਲ ਕੇ ਬਰਛਿਆਂ ਨਾਲ ਪਰੁੰਨਿਆ ਜਾ ਰਿਹਾ ਹੈ। ਸੁਣ ਕੇ ਮੇਰਾ ਮਨ ਪਸੀਜਿਆ ਜਾਂਦਾ। ਮੈਂ ਆਪਣੀ ਮਾਤਾ ਜੀ ਦੀ ਗੋਦ ਵਿੱਚ ਜਾ ਵੜਦਾ। ਇਹ ਵਾਰਦਾਤਾਂ ਸੁਣ ਕੇ ਸਾਡੇ ਪਿੰਡ ਦੇ ਕਈ ਬੰਦੇ ਨੇੜਲੇ ਮੁਸਲਮਾਨਾਂ ਦੇ ਪਿੰਡ ਲੁੱਟਣ ਜਾਂਦੇ। ਬਹੁਤ ਕੁਝ ਲੁੱਟ ਕੇ ਲਿਆਉਂਦੇ। ਮਾਤਾ ਜੀ ਨੇ ਦੱਸਿਆ ਸੀ ਕਿ ਫਲਾਣੇ ਨੇ ਲੁੱਟ ਦਾ ਬੜਾ ਮਾਲ ਢੋਇਆ। ਕਈ ਮੁਸਲਿਮ ਔਰਤਾਂ ਨੂੰ ਕੱਢ ਲਿਆਏ। ਕੱਢ ਕੇ ਲਿਆਉਣ ਦੇ ਅਰਥ ਮੈਨੂੰ ਬੜੀ ਦੇਰ ਬਾਅਦ ਸਮਝ ਆਏ। ਕਈ ਬੰਦੇ ਪਿੰਡ ਦੀ ਸੱਥ ਵਿੱਚ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰਦੇ ਕਿ ਮੈਂ ਏਨੇ ਮੁਸਲਮਾਨ ਵੱਢੇ। ਬਹਾਦਰੀ ਤੇ ਨਿਡਰਤਾ ਦੇ ਅਰਥ ਹਾਲਾਤ ਨਾਲ ਬਦਲ ਜਾਂਦੇ ਹਨ। ਪੰਜਾਬ ਦੇ ਇਤਿਹਾਸ ਵਿੱਚ ਇਹ ਖ਼ੂਨੀ-ਕਾਂਡ ਅਮਿੱਟ ਰਹੇਗਾ ਕਿ ਕਿਵੇਂ ਸਦੀਆਂ ਦੀ ਸਾਂਝੀ-ਇਨਸਾਨੀਅਤ ਦਿਨਾਂ ਵਿੱਚ ਵਹਿਸ਼ੀ ਜਨੂੰਨ ਨੇ ਵਲੂੰਧਰ ਦਿੱਤੀ।
ਸਾਡੇ ਪਿੰਡ ਦੇ ਮੁਸਲਮਾਨ ਸਹਿਮੇ ਹੋਏ ਸਨ। ਉਹ ਰੋਜ਼ ਇੱਕ ਥਾਂ ਇਕੱਠੇ ਹੁੰਦੇ। ਕਤਲੋਗਾਰਤ ਦੇ ਦਿਨ ਲੰਘਦੇ ਰਹੇ। ਸਾਡਾ ਖੇਡਣਾ ਬੰਦ ਹੋ ਗਿਆ। ਦੇਸ਼ ਵੰਡ ਹੋ ਗਈ। ਸਾਡੇ ਪਿੰਡੋਂ ਮੁਸਲਮਾਨਾਂ ਦੇ ਤੁਰਨ ਦਾ ਦਿਨ ਆ ਗਿਆ। ਅਸੀਂ ਆਪਣੇ ਬੂਹਿਆਂ ਅੱਗੇ ਖੜ੍ਹੇ ਸਾਂ। ਮੇਰੇ ਪਿੰਡ ਦੇ ਮੁਸਲਮਾਨ ਰੋਂਦੇ-ਕੁਰਲਾਉਂਦੇ ਕੱਛਾਂ ਵਿੱਚ ਗੱਠੜੀਆਂ ਸਾਂਭੀ ਪਿੰਡ ਨੂੰ ਸਦਾ ਲਈ ਛੱਡ ਕੇ ਜਾ ਰਹੇ ਸਨ। ਮੈਂ ਚੁੱਪ ਕੀਤਾ ਆਪਣੇ ਹਾਣੀ ‘ਘੁੱਦੇ' ਨੂੰ ਤੱਕ ਰਿਹਾ ਸਾਂ। ਉਸ ਦੀ ਅੰਮੀ ਦੇ ਅੱਥਰੂ ਵਹਿ ਰਹੇ ਸਨ। ਪਿੰਡ ਦੇ ਲੋਕ ਆਪਣੀਆਂ ਭਿੱਜੀਆਂ ਪਲਕਾਂ ਨਾਲ ਉਨ੍ਹਾਂ ਨੂੰ ਬੇਵੱਸ ਹੋਏ ਅਲਵਿਦਾ ਆਖ ਰਹੇ ਸਨ। ਦਿ੍ਰਸ਼ ਬੜਾ ਕਰੁਣਾਮਈ ਸੀ। ਸਭ ਦੇ ਚਿਹਰਿਆਂ ਉੱਤੇ ਸੋਗ ਛਾਇਆ ਹੋਇਆ ਸੀ। ਬੁੱਢਾ ਕਰੀਮ ਬਖ਼ਸ਼ ਧਾਹਾਂ ਮਾਰ ਰਿਹਾ ਸੀ। ‘ਲੋਕੋ, ਮੈਨੂੰ ਇੱਥੇ ਰੱਖ ਲਓ।''ਮਿੱਤਾ, ਜੂੰਮਾ, ਫ਼ੈਜ਼ਾ, ਜਾਨੀ, ਮਜੀਦ, ਯੂਸਫ, ਦੌਲਾ ਖਾਂ, ਰਹਿਮਤ, ਹੈਦਰ ਅਲੀ ਆਦਿ ਆਪੋ-ਆਪਣੇ ਪਰਵਾਰਾਂ ਨੂੰ ਲੈ ਕੇ ਨਮੋਸ਼ੀ ਨਾਲ ਟੁਰੇ ਜਾ ਰਹੇ ਸਨ।
ਸਾਡੇ ਪਿਤਾ ਜੀ ਅਤੇ ਪਿੰਡ ਦੇ ਕੁਝ ਜ਼ਿੰਮੇਵਾਰ ਬੰਦੇ, ਆਪਣੇ ਪਿੰਡ ਦੇ ਮੁਸਲਮਾਨਾਂ ਨੂੰ ਖਰੜ ਸ਼ਹਿਰ ਦੇ ਕੈਂਪ ਵਿੱਚ ਛੱਡਣ ਨਾਲ ਹੋ ਤੁਰੇ। ਰਸਤੇ ਵਿੱਚ ਦੇਸੂਮਾਜਰਾ ਪਿੰਡ ਦੇ ਨੇੜੇ ਕੁਝ ਲੋਕਾਂ ਦੇ ਟੋਲੇ ਨੇ ਸਾਡੇ ਪਿੰਡ ਦੇ ਮੁਸਲਮਾਨਾਂ ਉੱਤੇ ਹਮਲਾ ਕਰਨਾ ਚਾਹਿਆ, ਪਰ ਪਿਤਾ ਜੀ ਅਤੇ ਕੁਝ ਬੰਦਿਆਂ ਨੇ ਉਨ੍ਹਾਂ ਨੂੰ ਆਪਣੇ ਪਿੰਡ ਦੀ ਇੱਜ਼ਤ ਉੱਤੇ ਹੱਥ ਨਾ ਚੁੱਕਣ ਦਿੱਤਾ ਤੇ ਪੂਰੀ ਸੁਰੱਖਿਆ ਨਾਲ ਖਰੜ ਕੈਂਪ ਜਾ ਪੁਚਾਇਆ। ਮੇਰੇ ਪਿੰਡ ਦੇ ਲੋਕਾਂ ਨੇ ਕਿਸੇ ਮੁਸਲਮਾਨ ਦਾ ਲਹੂ ਡੁੱਲ੍ਹਣ ਨਹੀਂ ਦਿੱਤਾ। ਇਸ ਘਟਨਾ ਨੂੰ ਮੇਰੇ ਪਿੰਡ ਵਿੱਚ ਮੁੜ ਕੇ ਆ ਵਸੇ ਮੁਸਲਮਾਨ ਅਜੇ ਵੀ ਯਾਦ ਕਰਦੇ ਹਨ। ਪਿੰਡ ਵਿੱਚ ਸਭ ਤੋਂ ਬਿਰਧ ਮੁਸਮਾਨ ‘ਬਸ਼ੀਰਾਂ-ਮਾਈ' ਸੰਤਾਲੀ ਦੀ ਵੰਡ ਦਾ ਆਪਣੇ ਪਿੰਡੇ ਉੱਤੇ ਹੰਢਾਇਆ ਸੰਤਾਪ ਦੱਸਦੀ-ਦੱਸਦੀ ਗੱਚ ਭਰ ਲੈਂਦੀ ਹੈ। ਉਸ ਦਾ ਸਾਰਾ ਪਰਵਾਰ ਇੱਧਰ ਵਸ ਰਿਹਾ ਹੈ ਪ੍ਰੰਤ ਉਸ ਦੀ ਇੱਕੋ-ਇੱਕ ਲੜਕੀ ‘ਸ਼ਰੀਫਨ ਬੇਗਮ' ਪਾਕਿਸਤਾਨ ਵਿੱਚ ਰਹਿ ਰਹੀ ਹੈ। ਉਸ ਦਾ ਚਲੇ ਜਾਣ ਦਾ ਵਿਛੋੜਾ ਉਸ ਦੇ ਹੱਡਾਂ ਵਿੱਚ ਰਚ ਗਿਆ। ਮੈਂ ਆਪਣੇ ਬਚਪਨ ਵਿੱਚ ਅੱਖ ਡਿੱਠਾ ਤੇ ਕੰਨੀਂ ਸੁਣਿਆ ਇਹ ਸਾਕਾ ਕਦੇ ਭੁੱਲ ਨਾ ਸਕਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਕੀ ਕੁਝ ਲੋਕ ਐਡੇ ਵੱਡੇ ਮਹਾਨ ਵੀ ਹੋ ਸਕਦੇ ਹਨ? ਘਪਲੇਬਾਜ਼ਾਂ ਦੀ ਚਰਚਾ ਕਰਦਾ ਹੈ ਭਾਰਤ ਦਾ ਲੋਕਤੰਤਰ, ਘਪਲੇ ਹੁੰਦੇ ਨਹੀਂ ਰੋਕਦਾ “ਆ ਗਿਆ ‘ਪੰਨੂੰ ਵੈਦ’ ਕੰਪਿਊਟਰ-ਰੋਗੀਆਂ ਦਾ ...” ਚੋਣਾਂ ਨੂੰ ਕਿਲ੍ਹਿਆਂ ਉੱਤੇ ਕਬਜਿ਼ਆਂ ਦੀਆਂ ਰਾਜਿਆਂ ਵਾਲੀਆਂ ਜੰਗਾਂ ਦਾ ਰੂਪ ਦੇਣਾ ਚੰਗਾ ਨਹੀਂ ਹੁੰਦਾ ਜਸਵੰਤ ਸਿੰਘ ਕੰਵਲ ਦੇ 105ਵੇਂ ਜਨਮ ਦਿਵਸ `ਤੇ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਪੁਸਤਕ ਵਰਿਆਮ ਸਿੰਘ ਸੰਧੂ ਨੂੰ ਭੇਟ ਕਰਦਿਆਂ ਭੀੜਾਂ ਦੀ ਭਾਜੜ ਵਿੱਚ ਮਰਦੇ ਲੋਕ ਤੇ ਚਿੰਤਾ ਸਿਰਫ ਮੁਆਵਜ਼ੇ ਦੇਣ ਦੇ ਐਲਾਨਾਂ ਤੱਕ ਸੀਮਤ! ਰਮਿੰਦਰ ਰੰਮੀ ਦੀ ਕਾਵਿ-ਪੁਸਤਕ ‘ਤੇਰੀ ਚਾਹਤ’ ਮੇਰੀ ਨਜ਼ਰ ‘ਚ ... ਕਹਿਣ ਨੂੰ ਤਾਂ ਲੋਕਤੰਤਰ, ਪਰ ਅਸਲ ਵਿੱਚ ਲੋਕਤੰਤਰੀ ਸਰਕਸ ਬਣ ਚੁੱਕਾ ਹੈ ਭਾਰਤ ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ