ਓਟਵਾ, 24 ਅਪ੍ਰੈਲ (ਪੋਸਟ ਬਿਊਰੋ): ਓਟਾਵਾ ਦੇ ਈਸਟ ਐਂਡ 'ਤੇ ਹਾਈਵੇਅ 174 'ਤੇ ਦੋ ਵਾਹਨਾਂ ਦੀ ਟੱਕਰ `ਚ ਇਕ 40 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਐਮਰਜੈਂਸੀ ਅਮਲੇ ਨੂੰ ਮੰਗਲਵਾਰ ਰਾਤ ਕਰੀਬ 9:50 ਵਜੇ ਕਨਾਨ ਰੋਡ ਅਤੇ ਓਲਡ ਮਾਂਟਰੀਅਲ ਰੋਡ ਦੇ ਵਿਚਕਾਰ ਹਾਈਵੇਅ 174 'ਤੇ ਇੱਕ ਕਾਰ ਅਤੇ ਇੱਕ ਟਰੈਕਟਰ-ਟ੍ਰੇਲਰ ਵਿਚਕਾਰ ਹੋਏ ਹਾਦਸੇ ਦੀ ਸੂਚਨਾ ਮਿਲੀ ਸੀ। ਓਟਾਵਾ ਪੁਲਿਸ ਨੇ ਕਿਹਾ ਕਿ ਕਾਰ ਦੇ ਡਰਾਈਵਰ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਸਮੇਂ ਉਹ ਵਾਹਨ ਵਿੱਚ ਇਕੱਲਾ ਹੀ ਸੀ। ਟਰੈਕਟਰ-ਟ੍ਰੇਲਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਸੇ ਵੀ ਚਸ਼ਮਦੀਦ ਜਾਂ ਜਿਸ ਕੋਲ ਘਟਨਾ ਦੀ ਡੈਸ਼ਕੈਮ ਫੁਟੇਜ ਹੋਵੇ, ਨੂੰ ਜਾਂਚ ਯੂਨਿਟ ਨਾਲ 613-236-1222, ਐਕਸਟੈਂਸ਼ਨ 2345 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਓਰਲੀਅਨਜ਼ ਐੱਮ.ਪੀ.ਪੀ. ਸਟੀਫਨ ਬਲੇਸ ਓਨਟਾਰੀਓ ਸਰਕਾਰ ਨੂੰ ਹਾਈਵੇਅ ਨੂੰ ਵੰਡਣ ਅਤੇ ਹਾਈਵੇਅ 174 'ਤੇ ਹਾਈ ਆਕੂਪੈਂਸੀ ਵਾਹਨ ਅਤੇ ਟ੍ਰਾਂਜ਼ਿਟ ਲੇਨ ਸਥਾਪਤ ਕਰਨ ਦੀ ਮੰਗ ਕਰ ਰਹੇ ਹਨ। ਜਾਂਚ ਲਈ ਹਾਈਵੇਅ 174 ਕਨਾਨ ਰੋਡ ਅਤੇ ਓਲਡ ਮਾਂਟਰੀਅਲ ਰੋਡ ਬੰਦ ਕਰ ਦਿੱਤੇ ਗਏ ਹਨ।