ਮਾਂਟਰੀਅਲ, 23 ਅਪ੍ਰੈਲ (ਪੋਸਟ ਬਿਊਰੋ) : ਮਾਂਟਰੀਅਲ ਦੇ ਸਾਊਥ ਸ਼ੋਰ 'ਤੇ ਹੋਈ ਇੱਕ ਰੋਡ ਰੇਜ ਘਟਨਾ ਵਿੱਚ ਪੁਲਿਸ ਵੱਲੋਂ 26 ਸਾਲਾ ਜੋਨਾਥਨ ਸੇਰੋ 'ਤੇ ਦੋਸ਼ ਲਾਇਆ ਗਿਆ ਹੈ। ਘਟਨਾ ਵਿਚ ਇਕ ਅਧਿਕਾਰੀ ਨੂੰ ਇੱਕ ਵਾਹਨ ਨਾਲ ਘੜੀਸਿਆ ਗਿਆ ਸੀ। ਸ਼ੱਕੀ ਸੋਮਵਾਰ ਦੁਪਹਿਰ ਨੂੰ ਬ੍ਰੋਸਾਰਡ ਵਿੱਚ ਦੋ ਭਰਾਵਾਂ ਨਾਲ ਇੱਕ ਮਾਮੂਲੀ ਤਕਰਾਰ ਵਿੱਚ ਸ਼ਾਮਲ ਸੀ। ਸ਼ੱਕੀ ਕਥਿਤ ਤੌਰ 'ਤੇ ਆਪਣੀ ਗੱਡੀ ਤੋਂ ਬਾਹਰ ਨਿਕਲਿਆ ਅਤੇ ਦੂਜੇ ਵਾਹਨ ਦੀ ਵਿੰਡਸ਼ੀਲਡ ਨੂੰ ਲੋਹੇ ਦੀ ਬਾਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ, ਜਿਸ ਤੋਂ ਬਾਅਦ ਉਸ ਨੇ ਦੋ ਵਿਅਕਤੀਆਂ 'ਤੇ ਹਮਲਾ ਕਰ ਦਿੱਤਾ। ਇੱਕ ਮਹਿਲਾ ਪੁਲਸ ਅਧਿਕਾਰੀ ਸ਼ੱਕੀ ਤੋਂ ਪੁੱਛਗਿੱਛ ਕਰਨ ਲਈ ਘਟਨਾ ਸਥਾਨ 'ਤੇ ਗਈ ਜਦੋਂ ਮੁਲਜ਼ਮ ਨੇ ਕਥਿਤ ਤੌਰ 'ਤੇ ਗ੍ਰੈਂਡ ਐਲੀ ਦੇ ਚੌਰਾਹੇ ਦੇ ਨੇੜੇ ਔਟੁਇਲ ਐਵੇਨਿਊ ਤੋਂ ਅਧਿਕਾਰੀ ਨੂੰ ਆਪਣੀ ਗੱਡੀ ਸਮੇਤ ਘੜੀਸ ਲਿਆ।
ਗਵਾਹ, ਕੈਰੀ ਬਰਟਨ, ਔਟੁਇਲ ਐਵੇਨਿਊ 'ਤੇ ਆਪਣੀ ਜੀਪ ਚਲਾ ਰਹੀ ਸੀ। ਉਸ ਨੇ ਸੋਮਵਾਰ ਨੂੰ ਦੱਸਿਆ ਕਿ ਉਸਨੇ ਸ਼ੱਕੀ ਦੀ ਕਾਰ ਨੂੰ ਦੂਰੀ 'ਤੇ ਦੇਖਿਆ ਅਤੇ ਕਿਸੇ ਦੀਆਂ ਲੱਤਾਂ ਖੁੱਲ੍ਹੇ ਡਰਾਈਵਰ ਸਾਈਡ ਦਰਵਾਜ਼ੇ ਤੋਂ ਲਟਕ ਰਹੀਆਂ ਸਨ। ਬਰਟਨ ਨੇ ਕਿਹਾ ਕਿ ਉਸਨੇ ਸ਼ੱਕੀ ਨੂੰ ਰੋਕਣ ਲਈ ਉਸਦੀ ਕਾਰ ਦੇ ਰਸਤੇ ਵਿੱਚ ਆਪਣੀ ਗੱਡੀ ਘੁਮਾ ਦਿੱਤੀ। ਇਸ ਤੋ ਬਾਅਦ ਮੁਲਜ਼ਮ ਦੀ ਕਾਰ ਗਲੀ ਦੇ ਵਿਚਕਾਰ ਘੁੰਮ ਗਈ ਅਤੇ ਮਹਿਲਾ ਅਧਿਕਾਰੀ ਕਾਰ ‘ਚੋਂ ਬਾਹਰ ਡਿੱਗ ਗਈ। ਮੁਲਜ਼ਮ ਨੂੰ ਉੱਥੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ।
ਮੁਲਜ਼ਮ ਜੋਨਾਥਨ ਸੇਰੋ 'ਤੇ ਹਥਿਆਰ ਨਾਲ ਹਮਲਾ ਕਰਨ, ਅਧਿਕਾਰੀ 'ਤੇ ਹਥਿਆਰ ਨਾਲ ਹਮਲਾ ਕਰਨ, ਅਧਿਕਾਰੀ ਨੂੰ ਸਰੀਰਕ ਨੁਕਸਾਨ ਪਹੁੰਚਾਉਣ, ਵਾਹਨ ਖਤਰਨਾਕ ਤਰੀਕੇ ਨਾਲ ਚਲਾਉਣ ਅਤੇ ਹਾਦਸੇ ਤੋਂ ਬਾਅਦ ਨਾ ਰੁਕਣ ਦੇ ਦੋ ਦੋਸ਼ ਲਾਏ ਗਏ ਹਨ। ਉਹ ਬੁੱਧਵਾਰ ਨੂੰ ਲੌਂਗੂਇਲ ਅਦਾਲਤ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਹੈ।