ਵੈਨਕੂਵਰ, 21 ਅਪ੍ਰੈਲ (ਪੋਸਟ ਬਿਊਰੋ): ਸ਼ਨੀਵਾਰ ਨੂੰ ਉੱਤਰੀ ਵੈਨਕੂਵਰ ਵਿੱਚ ਮਾਊਂਟ ਸੀਮੌਰ 'ਤੇ ਤਿਲਕ ਕੇ ਡਿੱਗਣ ਨਾਲ ਇੱਕ ਹਾਈਕਰ ਦੀ ਮੌਤ ਹੋ ਗਈ, ਜਿਸ ਦੀ ਕਿ ਨੌਰਥ ਸ਼ੋਰ ਰੈਸਕਿਊ ਨੇ ਪੁਸ਼ਟੀ ਕੀਤੀ ਹੈ। 28 ਸਾਲਾ ਔਰਤ ਪੰਪ ਪੀਕ ਦੇ ਨੇੜੇ ਇੱਕ ਦੋਸਤ ਨਾਲ ਕੈਂਪਿੰਗ ਕਰ ਰਹੀ ਸੀ ਜਦੋਂ ਸਵੇਰੇ 7:45 ਵਜੇ ਦੇ ਕਰੀਬ ਉਹ ਖੜ੍ਹੀ ਬਰਫ਼ 'ਤੇ ਡਿੱਗ ਪਈ ਤੇ ਢਲਾਣ ਤੋਂ ਹੇਠਾਂ ਖਿਸਕ ਗਈ। ਖੋਜ ਪ੍ਰਬੰਧਕ ਸਟੈਨ ਸੋਵਦਾਤ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਸਤ ਨੇ ਸੋਚਿਆ ਕਿ ਉਹ ਕਾਲਿੰਗ ਅਤੇ ਕੁਝ ਆਵਾਜ਼ਾਂ ਸੁਣ ਸਕਦੀ ਹੈ, ਪਰ ਆਵਾਜ਼ਾਂ ਅਤੇ ਕਾਲਾਂ ਜਲਦੀ ਬੰਦ ਹੋ ਗਈਆਂ ਅਤੇ ਕੋਈ ਹੋਰ ਸੰਪਰਕ ਨਹੀਂ ਹੋਇਆ ਜਿਸ ਤੋਂ ਬਾਅਦ ਉਸਨੇ 911 ‘ਤੇ ਕਾਲ ਕੀਤੀ।
ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਹੋਇਆ, ਇੱਕ ਟੀਮ ਹੈਲੀਕਾਪਟਰ ਵਿੱਚ ਖੇਤਰ ਵੱਲ ਉੱਡ ਗਈ ਪਰ ਪਹਾੜ ਦੀਆਂ ਚੋਟੀਆਂ ਦੇ ਆਲੇ ਦੁਆਲੇ ਭਾਰੀ ਬੱਦਲਾਂ ਕਾਰਨ ਉਤਰ ਨਹੀਂ ਸਕੀ।ਇਸ ਦੌਰਾਨ, ਹੋਰ ਅਮਲੇ ਪਹਾੜ 'ਤੇ ਚੜ੍ਹ ਗਏ। ਸੋਵਦਾਤ ਦਾ ਕਹਿਣਾ ਹੈ ਕਿ ਕੁੱਲ 25 ਵਲੰਟੀਅਰਾਂ ਨੇ ਇਸ ਦੌਰਾਨ ਰੈਸਕਿਊ ਆਪ੍ਰੇਸ਼ਨ ਕੀਤਾ। ਟੀਮ ਨੇ ਹਾਈਕਰ ਨੂੰ ਲਗਭਗ 180 ਮੀਟਰ ਹੇਠਾਂ ਲੱਭ ਲਿਆ। ਉਨ੍ਹਾਂ ਨੇ ਉਸਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਸਦੀ ਮੌਤ ਹੋ ਗਈ। ਉੱਤਰੀ ਵੈਨਕੂਵਰ ਆਰ.ਸੀ.ਐੱਮ.ਪੀ. ਨੇ ਸ਼ਨੀਵਾਰ ਦੁਪਹਿਰ ਨੂੰ ਮੌਤ ਦੀ ਪੁਸ਼ਟੀ ਕੀਤੀ ਅਤੇ ਔਰਤ ਦੇ ਪਰਿਵਾਰ ਅਤੇ ਦੋਸਤਾਂ ਨਾਲ ਸੰਵੇਦਨਾ ਪ੍ਰਗਟ ਕੀਤੀ।