ਹੈਮਿਲਟਨ, 22 ਅਪ੍ਰੈਲ (ਪੋਸਟ ਬਿਊਰੋ): ਪਿਛਲੇ ਹਫ਼ਤੇ ਹੈਮਿਲਟਨ ਵਿੱਚ ਗੋਲੀ ਨਾਲ ਮਾਰੀ ਗਈ ਇੱਕ ਅੰਤਰਰਾਸ਼ਟਰੀ ਕਾਲਜ ਵਿਦਿਆਰਥਣ ਦੇ ਚਚੇਰੇ ਭਰਾ ਦਾ ਕਹਿਣਾ ਹੈ ਕਿ ਪਰਿਵਾਰ ਉਸ ਦੀ ਮੌਤ ਨਾਲ ਬਹੁਤ ਦੁਖੀ ਹੈ। ਬਲਰਾਜ ਸਿੰਘ ਦਾ ਕਹਿਣਾ ਹੈ ਕਿ ਹਰਸਿਮਰਤ ਰੰਧਾਵਾ ਦੇ ਮਾਪੇ ਆਪਣੀ ਇਕਲੌਤੀ ਧੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਨਾ ਤਾਂ ਖਾ ਸਕਦੇ ਹਨ ਅਤੇ ਨਾ ਹੀ ਸੌਂ ਸਕਦੇ ਹਨ। ਹੈਮਿਲਟਨ ਪੁਲਿਸ ਦਾ ਕਹਿਣਾ ਹੈ ਕਿ ਭਾਰਤੀ ਮੂਲ ਦੀ 21 ਸਾਲਾ ਮੋਹੌਕ ਕਾਲਜ ਦੀ ਵਿਦਿਆਰਥਣ ਰੰਧਾਵਾ ਇੱਕ ਬੱਸ ਦਾ ਇੰਤਜ਼ਾਰ ਕਰ ਰਹੀ ਸੀ, ਜਦੋਂ ਇੱਕ ਵਾਹਨ ਦੇ ਸਵਾਰਾਂ ਨੇ ਵੀਰਵਾਰ ਸ਼ਾਮ ਨੂੰ ਦੂਜੇ ਵਾਹਨ ‘ਤੇ ਗੋਲੀਬਾਰੀ ਕੀਤੀ ਅਤੇ ਉਸ ਦੌਰਾਨ ਹਰਸਿਮਰਨ ਨੂੰ ਗੋਲੀ ਲੱਗ ਗਈ ਤੇ ਉਸਦੀ ਮੌਤ ਹੋ ਗਈ।
ਸਿੰਘ ਦਾ ਕਹਿਣਾ ਹੈ ਕਿ ਰੰਧਾਵਾ ਦੋ ਸਾਲ ਪਹਿਲਾਂ ਇੱਕ ਬਿਹਤਰ ਜਿ਼ੰਦਗੀ ਦੀ ਭਾਲ ਵਿੱਚ ਕੈਨੇਡਾ ਆਈ ਸੀ ਅਤੇ ਉਹ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਆਪਣਾ ਫਿਜ਼ੀਓਥੈਰੇਪੀ ਕਲੀਨਿਕ ਖੋਲ੍ਹਣਾ ਚਾਹੁੰਦੀ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਉਨ੍ਹਾਂ ਗੋਲੀਬਾਰੀ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।