ਮਥੁਰਾ, 24 ਫਰਵਰੀ (ਪੋਸਟ ਬਿਊਰੋ): ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਰਿਫਾਇਨਰੀ ਥਾਣਾ ਖੇਤਰ ਦੇ ਇਕ ਪਿੰਡ ’ਚ ਇੱਕ ਝਗੜੇ ਨੂੰ ਲੈ ਕੇ ਬਦਮਾਸ਼ਾਂ ਨੇ ਅਨੁਸੂਚਿਤ ਜਾਤੀ (ਦਲਿਤ) ਨਾਲ ਸਬੰਧਤ ਦੋ ਲਾੜੀਆਂ ਅਤੇ ਇੱਕ ਬਰਾਤ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਲਾੜੇ ਉਨ੍ਹਾਂ ਨਾਲ ਵਿਆਹ ਕੀਤੇ ਬਗੈਰ ਹੀ ਵਾਪਿਸ ਪਰਤ ਗਏ। ਪੁਲਿਸ ਨੇ ਐਤਵਾਰ ਨੂੰ ਦਸਿਆ ਕਿ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦਸਿਆ ਕਿ ਬਾਕੀ ਮੁਲਜ਼ਮਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਰਿਫਾਇਨਰੀ ਥਾਣਾ ਖੇਤਰ ਦੇ ਕਰਨਵਾਲ ਪਿੰਡ ਦੇ ਵਸਨੀਕ ਇਕ ਵਿਅਕਤੀ ਦੀਆਂ ਦੋ ਧੀਆਂ ਦਾ ਵਿਆਹ ਸ਼ੁੱਕਰਵਾਰ ਰਾਤ ਨੂੰ ਹੋਣਾ ਸੀ। ਉਨ੍ਹਾਂ ਦੇ ਵਿਆਹ ਦੀ ਬਰਾਤ ਜਿ਼ਲ੍ਹੇ ਦੇ ਗੋਵਰਧਨ ਥਾਣਾ ਖੇਤਰ ਦੇ ਸਮਾਈ ਖੇੜਾ (ਪੁੰਛਰੀ) ਪਿੰਡ ਤੋਂ ਆਈ ਸੀ।
ਪੁਲਿਸ ਅਨੁਸਾਰ ਰਾਤ ਕਰੀਬ 9:30 ਵਜੇ ਦੋਵੇਂ ਲਾੜੀਆਂ ਅਪਣੀ ਮਾਸੀ ਅਤੇ ਚਾਚੇ ਨਾਲ ਕਾਰ ’ਚ ਬਿਊਟੀ ਪਾਰਲਰ ਤੋਂ ਵਾਪਿਸ ਆ ਰਹੀਆਂ ਸਨ ਕਿ ਗਊਸ਼ਾਲਾ ਨੇੜੇ ਕਰਨਵਾਲ ਵਾਸੀ ਲੋਕੇਸ਼, ਰੋਹਤਾਸ਼ ਅਤੇ ਸਤੀਸ਼ ਦੀ ਬਾਈਕ ਨੇ ਕਾਰ ਨੂੰ ਛੂਹ ਲਿਆ।
ਪੁਲਿਸ ਅਨੁਸਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਾਰ ਡਰਾਈਵਰ (ਲਾੜੀ ਦੇ ਚਾਚਾ) ਨਾਲ ਝਗੜਾ ਸ਼ੁਰੂ ਕਰ ਦਿਤਾ। ਇਹ ਵੇਖ ਕੇ ਦੋਨਾਂ ਲਾੜੀਆਂ ਨੇ ਵਿਰੋਧ ਕੀਤਾ, ਜਿਸ ਕਾਰਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਮਾਸੀ ਨੂੰ ਕਾਰ ਤੋਂ ਖਿੱਚ ਲਿਆ ਅਤੇ ਕੁਟਣਾ ਸ਼ੁਰੂ ਕਰ ਦਿਤਾ। ਦੋਸ਼ ਹੈ ਕਿ ਉਨ੍ਹਾਂ ਦੇ ਚਿਹਰੇ ’ਤੇ ਚਿੱਕੜ ਵੀ ਸੁੱਟਿਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਜਦੋਂ ਲਾੜੀ ਦੇ ਪਰਵਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ। ਕੁੱਝ ਬਰਾਤੀ ਵੀ ਉਨ੍ਹਾਂ ਨਾਲ ਸ਼ਾਮਿਲ ਹੋਏ। ਪੁਲਿਸ ਨੇ ਦਸਿਆ ਕਿ ਹਮਲਾਵਰਾਂ ਨੇ ਵੀ ਅਪਣੇ ਪਰਿਵਾਰਕ ਜੀਆਂ ਨੂੰ ਬੁਲਾ ਲਿਆ ਅਤੇ ਦੋਹਾਂ ਪਾਸਿਆਂ ਤੋਂ ਲੜਾਈ ਸ਼ੁਰੂ ਹੋ ਗਈ ਜਿਸ ’ਚ ਲਾੜੀ ਦੇ ਪਿਤਾ ਦੇ ਸਿਰ ’ਤੇ ਸੱਟਾਂ ਲੱਗੀਆਂ ਅਤੇ ਕਈ ਹੋਰ ਜ਼ਖਮੀ ਹੋ ਗਏ।
ਪੁਲਿਸ ਨੇ ਦਸਿਆ ਕਿ ਹਮਲਾਵਰਾਂ ਵਿਚੋਂ ਇਕ ਸਤੀਸ਼ ਅਪਣੇ ਹੋਰ ਸਾਥੀਆਂ ਨਾਲ ਟਰੈਕਟਰ-ਟਰਾਲੀ ਵਿਚ ਵਿਆਹ ਵਾਲੀ ਥਾਂ ’ਤੇ ਪਹੁੰਚਿਆ ਅਤੇ ਲਾੜੀ ਦੇ ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਟੱਕਰ ਮਾਰ ਦਿਤੀ। ਜਦੋਂ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਜਦੋਂ ਕੁੱਝ ਬਰਾਤੀਆਂ ਨੇ ਦਖਲ ਦੇਣ ਦੀ ਕੋਸਿ਼ਸ਼ ਕੀਤੀ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ਨੀਵਾਰ ਸਵੇਰੇ ਪਿੰਡ ’ਚ ਕਈ ਘੰਟਿਆਂ ਲਈ ਪੰਚਾਇਤ ਇਕੱਠੀ ਹੋਈ ਪਰ ਕੋਈ ਲਾਭ ਨਹੀਂ ਹੋਇਆ।
ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਿੰਡ ਵਾਸੀ ਲੋਕੇਸ਼, ਸਤੀਸ਼, ਸ਼੍ਰੀਪਾਲ, ਸਿ਼ਸ਼ੂਪਾਲ, ਰੋਹਤਾਸ਼, ਅਜੇ, ਨਿਸ਼ਾਂਤ, ਉਦਲ, ਬ੍ਰਜੇਸ਼, ਦੀਪੂ, ਸ਼ੁਭਮ, ਪਵਨ, ਬਟੂਆ, ਅਨਿਲ ਅਤੇ ਅਮਿਤ ਵਿਰੁਧ ਦੰਗੇ, ਹਮਲਾ, ਲੁੱਟਖੋਹ, ਕਤਲ ਦੀ ਕੋਸ਼ਿਸ਼, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਅਪਮਾਨ ਕਰਨ ਅਤੇ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਕਰਨ ਸਮੇਤ ਭਾਰਤੀ ਦੰਡਾਵਲੀ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਰਿਫਾਇਨਰੀ ਥਾਣੇ ਦੇ ਇੰਚਾਰਜ ਇੰਸਪੈਕਟਰ ਸੋਨੂੰ ਕੁਮਾਰ ਨੇ ਦਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮਥੁਰਾ ਸ਼ਹਿਰ ਖੇਤਰ ਦੇ ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਡਾ. ਅਰਵਿੰਦ ਕੁਮਾਰ ਨੇ ਕਿਹਾ ਕਿ ਇਸ ਮਾਮਲੇ ’ਚ ਰੋਹਤਾਸ਼ ਯਾਦਵ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।