-ਈਟ ਰਾਈਟ ਸਾਈਕਲੋਥੋਨ ਅਤੇ ਈਟ ਰਾਈਟ ਮੇਲੇ ਦਾ ਪੋਸਟਰ ਵੀ ਕੀਤਾ ਜਾਰੀ
ਫਰੀਦਕੋਟ, 19 ਫਰਵਰੀ (ਗਿਆਨ ਸਿੰਘ): ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਬਾਬਾ ਫਰੀਦ ਈਟ ਰਾਈਟ ਮੇਲੇ ਸਬੰਧੀ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਮੇਲਾ 28 ਫਰਵਰੀ ਨੂੰ ਬਾਬਾ ਫਰੀਦ ਸੱਭਿਆਚਾਰਕ ਕੇਂਦਰ ਫਰੀਦਕੋਟ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮਿਤੀ 23 ਫਰਵਰੀ ਨੂੰ ਸਰਕਟ ਹਾਊਸ ਤੋਂ ਬਾਬਾ ਫਰੀਦ ਸੱਭਿਆਚਾਰਕ ਕੇਂਦਰ ਤੱਕ ਸਵੇਰੇ 6:00 ਵਜੇ ਤੋਂ ਸਾਈਕਲੋਥੋਨ ਵੀ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਮੇਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨੁੱਕੜ ਨਾਟਕ, ਸਭਿਆਚਾਰਕ ਪ੍ਰੋਗਰਾਮ, ਪੌਸ਼ਟਿਕ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ ਅਤੇ ਸਕੂਲੀ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਮੇਲੇ ਦਾ ਆਕਰਸ਼ਣ ਕੇਂਦਰ ਹੋਣਗੇ। ਉਹਨਾਂ ਸਮੂਹ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਉਹ ਇਸ ਮੇਲੇ ਦਾ ਹਿੱਸਾ ਬਣ ਕੇ ਮੇਲੇ ਦਾ ਆਨੰਦ ਜਰੂਰ ਮਾਨਣ ਅਤੇ ਜਾਣਕਾਰੀ ਪ੍ਰਾਪਤ ਕਰਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਓਜਸਵੀ ਅਲੰਕਾਰ, ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ, ਸਹਾਇਕ ਕਮਿਸ਼ਨਰ ਫੂਡ ਸੇਫਟੀ ਅੰਮ੍ਰਿਤ ਪਾਲ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਆਦਿ ਹਾਜਰ ਸਨ।