ਐਡਮਿੰਟਨ, 13 ਫਰਵਰੀ (ਪੋਸਟ ਬਿਊਰੋ) : ਸ਼ਹਿਰ ਦੀ ਪੁਲਿਸ ਪਿਛਲੇ ਸਾਲ ਦੱਖਣੀ ਐਡਮਿੰਟਨ ਵਿੱਚ ਇੱਕ ਭੰਗ ਦੀ ਦੁਕਾਨ 'ਤੇ ਹੋਈ ਡਕੈਤੀ ਦੇ ਸਬੰਧ ਵਿੱਚ ਲੋੜੀਂਦੇ ਇੱਕ ਵਿਅਕਤੀ ਦੀ ਭਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ 20 ਅਕਤੂਬਰ ਨੂੰ ਦੋ ਵਿਅਕਤੀ ਰਾਤ ਕਰੀਬ 10:45 ਵਜੇ ਡੇਸਰੋਚਰਜ਼ ਗੇਟ ਅਤੇ ਡੈਨੀਅਲਜ਼ ਵੇਅ ਦੇ ਨੇੜੇ ਸਟੋਰ ਵਿੱਚ ਦਾਖਲ ਹੋਏ ਅਤੇ ਉਤਪਾਦਾਂ ਦੀ ਮੰਗ ਕੀਤੀ। ਕਲਰਕ ਦੇ ਇਨਕਾਰ ਕਰਨ 'ਤੇ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉੱਥੋਂ ਦੋਵੇਂ ਫ਼ਰਾਰ ਹੋ ਗਏ। ਮੁਲਾਜ਼ਮ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਪੁਲਸ ਮੁਤਾਬਿਕ ਇੱਕ ਸ਼ੱਕੀ ਵਿਅਕਤੀ 19 ਸਾਲਾ ਸੇਠ ਨਿਊਮੈਨ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ।
ਪੁਲਸ ਨੇ ਮੁਲਜ਼ਮ ਦੀ ਪਛਾਣ ਬਾਰੇ ਦੱਸਿਆ ਕਿ ਨਿਊਮੈਨ ਦੀ ਗਰਦਨ ਦੇ ਸੱਜੇ ਪਾਸੇ ਇੱਕ ਟੈਟੂ ਹੈ। ਉਸਦੇ ਐਡਮੰਟਨ ਅਤੇ ਸਸਕੈਚਵਨ ਦੇ ਕੁਝ ਹਿੱਸਿਆਂ ਨਾਲ ਸਬੰਧ ਹਨ। ਜਾਣਕਾਰੀ ਦੇਣ ਲਈ 780-423-4567 ਜਾਂ #377 'ਤੇ ਪੁਲਸ ਨਾਲ ਗੱਲ ਕੀਤੀ ਜਾ ਸਕਦੀ ਹੈ।