ਵਿੰਡਸਰ, 27 ਜਨਵਰੀ (ਪੋਸਟ ਬਿਊਰੋ): ਕੈਨੇਡਾ ਦੇ ਵਿੰਡਸਰ, ਓਂਟਾਰੀਓ ਦੇ ਰਹਿਣ ਵਾਲੇ 50 ਸਾਲਾ ਜਸਦੀਪ ਸਿੰਘ ਨੇ ਅੰਟਾਰਟਿਕਾ ਆਈਸ ਮੈਰਾਥਨ ਤੇ ਦੱਖਣੀ ਮੈਰਾਥਨ ਸਮੇਤ ਸੱਤ ਮਹਾਂਦੀਪਾਂ ’ਚ ਮੈਰਾਥਨ (42 ਕਿਲੋਮੀਟਰ) ਪੂਰੀ ਕਰਨ ਵਾਲੇ ਪਹਿਲੇ ਉਤਰੀ ਅਮਰੀਕੀ ਸਿੱਖ ਬਣ ਕੇ ਇਕ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਇਸ ਸ਼ਾਨਦਾਰ ਉਪਲੱਬਧੀ ਨੂੰ ਹਾਸਿਲ ਕਰਨ ਲਈ ਜਸਦੀਪ ਸਿੰਘ ਦਸੰਬਰ 2024 ਵਿਚ ਦੁਨੀਆਂ ਭਰ ਦੇ 500 ਤੋਂ ਘੱਟ ਦੌੜਾਂਕਾਂ ਦੇ ਇਕ ਐਲੀਟ ਗਰੁੱਪ ’ਚ ਸ਼ਾਮਿਲ ਹੋਏ ਹਨ।
ਭਾਰਤ ਤੋਂ ਕੈਨੇਡੀਅਨ ਪ੍ਰਵਾਸੀ ਵਜੋਂ ਜਸਦੀਪ ਨੇ 40 ਸਾਲ ਦੀ ਉਮਰ ਵਿਚ ਦੱਖਣੀ ਓਂਟਾਰੀਓ ਦੇ ਇਕ ਛੋਟੇ ਜਿਹੇ ਸ਼ਹਿਰ ਵਿੰਡਸਰ ’ਚ ਅਪਣੀ ਦੌੜ ਦੀ ਸ਼ੁਰੂਆਤ ਕੀਤੀ। ਪਿਛਲੇ ਇਕ ਦਹਾਕੇ ਵਿਚ, ਉਸਨੇ ਹੌਲੀ-ਹੌਲੀ ਦੁਨੀਆਂ ਭਰ ਵਿਚ ਮੈਰਾਥਨ ਪੂਰੀ ਕੀਤੀ ਹੈ। ਉਸਦੇ ਇਸ ਸਫ਼ਰ ਵਿਚ ਉਤਰੀ ਅਮਰੀਕਾ ਲਈ 2018 ਵਿਚ ਡੇਟਰੋਇਟ ਮੈਰਾਥਨ ਅਤੇ 2019 ਵਿਚ ਨਿਊਯਾਰਕ ਮੈਰਾਥਨ ਨੂੰ ਪੂਰਾ ਕਰਨਾ ਸ਼ਾਮਿਲ ਹੈ। ਉਸਦੀ ਯੂਰਪੀਅਨ ਮੈਰਾਥਨਾਂ ਵਿਚ 2021 ’ਚ ਬਰਲਿਨ ਮੈਰਾਥਨ ਅਤੇ 2022 ਵਿਚ ਲੰਡਨ ਮੈਰਾਥਨ ਸ਼ਾਮਲ ਹਨ। ਉਸਨੇ 2023 ’ਚ ਦੱਖਣੀ ਅਮਰੀਕਾ ਵਿਚ ਰੀਓ ਮੈਰਾਥਨ ਅਤੇ ਅਫ਼ਰੀਕਾ ਵਿਚ ਕੇਪ ਟਾਊਨ ਮੈਰਾਥਨ ਪੂਰੀ ਕੀਤੀ।
ਏਸ਼ੀਆ ਵਿਚ 2024 ’ਚ ਜਸਦੀਪ ਸਿੰਘ ਨੇ ਟੋਕੀਓ ਮੈਰਾਥਨ ਪੂਰੀ ਕੀਤੀ ਅਤੇ ਇਸੇ ਸਾਲ ਉਹ ਆਸਟਰੇਲੀਆ ’ਚ ਸਿਡਨੀ ਮੈਰਾਥਨ ਵਿਚ ਵੀ ਹਿੱਸਾ ਲਿਆ। ਆਖ਼ਰ ’ਚ ਉਸ ਨੇ ਦਸੰਬਰ 2024 ’ਚ ਯੂਨੀਅਨ ਗਲੇਸ਼ੀਅਰ ’ਤੇ ਅੰਟਾਰਕਟਿਕਾ ਆਈਸ ਮੈਰਾਥਨ ਨੂੰ ਪੂਰਾ ਕਰ ਕੇ ਅਪਣੇ ਸਫ਼ਰ ਦੀ ਚੋਟੀ ’ਤੇ ਪਹੁੰਚ ਗਿਆ। ਜਸਦੀਪ ਦੀ ਯਾਤਰਾ ਅੰਟਾਰਕਟਿਕਾ ਵਿਚ ਸਮਾਪਤ ਹੋਈ, ਜਿੱਥੇ ਉਸਨੇ ਧਰਤੀ ਦੇ ਸਭ ਤੋਂ ਕਠੋਰ ਵਾਤਾਵਰਣਾਂ ਵਿਚ ਦੌੜ ਲਗਾਈ।
ਜਸਦੀਪ ਨੇ ਕਿਹਾ ਕਿ ਅੰਟਾਰਕਟਿਕਾ ਇਕ ਸੁਪਨਾ ਸੀ ਅਤੇ ਸਭ ਤੋਂ ਚੁਨੌਤੀਪੂਰਣ ਦੌੜ ਸੀ। ਇਸ ਮੈਰਾਥਨ ਨੂੰ ਪੂਰਾ ਕਰਨਾ ਮੇਰੇ ਲਈ ਖ਼ੁਦ ਨੂੰ ਜਿੱਤਣ ਵਰਗਾ ਸੀ ਅਤੇ ਇਹ ਸਾਬਤ ਕਰਨਾ ਕਿ ਜਦੋਂ ਅਸੀਂ ਮਨ ਬਣਾ ਲੈਂਦੇ ਹਾਂ ਤਾਂ ਅਸੀਂ ਕੁਝ ਵੀ ਕਰਨ ਦੇ ਸਮਰੱਥ ਹਾਂ। ਜਸਦੀਪ ਅਪਣੀ ਸਫ਼ਲਤਾ ਦਾ ਸਿਹਰਾ ਅਪਣੇ ਟ੍ਰੇਨਰ ਡੇਵਿਡ ਸਟੀਵਰਟ ਦੇ ਮਾਰਗਦਰਸ਼ਨ ਨੂੰ ਦਿੱਤਾ।