ਨਵੀਂ ਦਿੱਲੀ, 16 ਜਨਵਰੀ (ਪੋਸਟ ਬਿਊਰੋ): ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ 26 ਜਨਵਰੀ ਨੂੰ 76ਵੇਂ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਬਿਆਂਤੋ 25 ਅਤੇ 26 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਭਾਰਤ ਦੇ ਆਪਣੇ ਪਹਿਲੇ ਦੌਰੇ ’ਤੇ ਹੋਣਗੇ। ਮੰਤਰਾਲੇ ਨੇ ਕਿਹਾ ਕਿ ਵਿਆਪਕ ਰਣਨੀਤਕ ਭਾਈਵਾਲ ਦੇ ਰੂਪ ਵਿੱਚ ਇੰਡੋਨੇਸ਼ੀਆ, ਭਾਰਤ ਦੀ ‘ਐਕਟ ਈਸਟ ਨੀਤੀ’ ਅਤੇ ਇੰਡੋ-ਪੈਸੇਫਿਕ ਲਈ ਇਸ ਦੇ ਨਜ਼ਰੀਏ ਦਾ ਅਹਿਮ ਥੰਮ ਹੈ। ਪਿਛਲੇ ਸਾਲ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਿਲ ਹੋਏ ਸਨ। ਇਸ ਦੌਰਾਨ ਦੇਸ਼ ਵਿੱਚ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਅਤਿ-ਆਧੁਨਿਕ ਹਲਕਾ ਹੈਲੀਕਾਪਟਰ (ਏਐੱਲਐੱਚ) ਧਰੁਵ ਇਸ ਸਾਲ ਗਣਤੰਤਰ ਦਿਵਸ ਫਲਾਈਪਾਸਟ ਦਾ ਹਿੱਸਾ ਨਹੀਂ ਹੋਵੇਗਾ। ਇਸੇ ਮਹੀਨੇ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਸ ਦੀ ਉਡਾਨ ’ਤੇ ਰੋਕ ਲਾ ਦਿੱਤੀ ਗਈ ਸੀ।