ਨਵੀਂ ਦਿੱਲੀ, 15 ਜਨਵਰੀ (ਪੋਸਟ ਬਿਊਰੋ): ਕਾਂਗਰਸ ਨੇ ਦੁਬਾਰਾ ਫਿਰ ਭਾਰਤ ਦੀ ਚੋਣ ਪ੍ਰਣਾਲੀ `ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਲੋਕ ਸਭਾ `ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਹਾਲ ਹੀ `ਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਚੋਣ ਪ੍ਰਕਿਰਿਆ `ਤੇ ਸਵਾਲ ਚੁੱਕੇ ਹਨ।
ਰਾਹੁਲ ਗਾਂਧੀ ਨੇ ਪ੍ਰਕਿਰਿਆ ਦੀ ਪਾਰਦਰਸ਼ਤਾ `ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਕਿ ਦੇਸ਼ ਦੀ ਚੋਣ ਪ੍ਰਣਾਲੀ `ਚ ਗੰਭੀਰ ਸਮੱਸਿਆਵਾਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪਾਰਟੀ ਦੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਵੀ ਦਾਅਵਾ ਕੀਤਾ ਕਿ ਕਮਿਸ਼ਨ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਵੋਟ ਪਾਉਣ ਵਾਲਿਆਂ ਦੇ ਨਾਵਾਂ ਅਤੇ ਪਤਿਆਂ ਵਾਲੀਆਂ ਵੋਟਰ ਸੂਚੀਆਂ ਪ੍ਰਦਾਨ ਕਰਨ ਤੋਂ ਇਨਕਾਰ ਕਰ ਰਿਹਾ ਹੈ, ਹਾਲਾਂਕਿ ਇਸਦਾ ਪਾਰਦਰਸ਼ੀ ਹੋਣਾ ਫਰਜ਼ ਹੈ।
ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਹ ਨਾ ਸੋਚੋ ਕਿ ਅਸੀਂ ਇੱਕ ਨਿਰਪੱਖ ਲੜਾਈ ਲੜ ਰਹੇ ਹਾਂ। ਜੇ ਤੁਸੀਂ ਮੰਨਦੇ ਹੋ ਕਿ ਅਸੀਂ ਸਿਰਫ਼ ਭਾਜਪਾ ਅਤੇ ਆਰਐੱਸਐੱਸ ਨਾਮਕ ਇੱਕ ਰਾਜਨੀਤਿਕ ਸੰਗਠਨ ਖ਼ਿਲਾਫ ਲੜ ਰਹੇ ਹਾਂ, ਤਾਂ ਅਜਿਹਾ ਨਹੀਂ ਹੈ। ਉਨ੍ਹਾਂ ਨੇ ਸਾਡੇ ਦੇਸ਼ ਦੇ ਲਗਭਗ ਹਰ ਸੰਸਥਾਨ `ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦੇ ਲੋਕ ਨਾ ਸਿਰਫ਼ ਭਾਜਪਾ ਅਤੇ ਆਰਐਸਐਸ ਵਿਰੁੱਧ ਲੜ ਰਹੇ ਹਨ, ਸਗੋਂ ਸਿਸਟਮ ਵਿਰੁੱਧ ਵੀ ਲੜ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਮੈਂ ਸਪੱਸ਼ਟ ਤੌਰ `ਤੇ ਕਿਹਾ ਹੈ ਕਿ ਮਹਾਰਾਸ਼ਟਰ ਚੋਣਾਂ `ਚ ਕੁਝ ਗਲਤ ਹੋਇਆ ਹੈ। ਅਸੀਂ ਚੋਣ ਕਮਿਸ਼ਨ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਹਾਂ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਮਹਾਰਾਸ਼ਟਰ ‘ਚ ਲਗਭਗ ਇੱਕ ਕਰੋੜ ਨਵੇਂ ਵੋਟਰਾਂ ਦਾ ਅਚਾਨਕ ਉਭਰਨਾ ਚਿੰਤਾ ਦਾ ਵਿਸ਼ਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣ ਕਮਿਸ਼ਨ ਦਾ ਫਰਜ਼ ਹੈ ਕਿ ਉਹ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਵਾਲਿਆਂ ਦੇ ਨਾਮ ਅਤੇ ਪਤੇ ਵੋਟਰ ਸੂਚੀ ਵਿੱਚ ਪ੍ਰਦਾਨ ਕਰੇ, ਪਰ ਇਸ ਨੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਸਾਡੀ ਚੋਣ ਪ੍ਰਣਾਲੀ ‘ਚ ਇੱਕ ਗੰਭੀਰ ਸਮੱਸਿਆ ਹੈ। ਚੋਣ ਕਮਿਸ਼ਨ ਦਾ ਫਰਜ਼ ਹੈ ਕਿ ਉਹ ਪਾਰਦਰਸ਼ੀ ਹੋਵੇ।