ਨਵੀਂ ਦਿੱਲੀ, 15 ਜਨਵਰੀ (ਪੋਸਟ ਬਿਊਰੋ): ਅਮਰੀਕਾ ਨੇ ਬੁੱਧਵਾਰ ਨੂੰ ਤਿੰਨ ਭਾਰਤੀ ਪਰਮਾਣੂ ਸੰਸਥਾਵਾਂ ਤੋਂ 20 ਸਾਲ ਪੁਰਾਣੀ ਪਾਬੰਦੀ ਹਟਾ ਦਿੱਤੀ। ਇਨ੍ਹਾਂ ਵਿੱਚ ਭਾਭਾ ਪਰਮਾਣੂ ਖੋਜ ਕੇਂਦਰ, ਇੰਦਰਾ ਗਾਂਧੀ ਪਰਮਾਣੂ ਖੋਜ ਕੇਂਦਰ ਅਤੇ ਇੰਡੀਅਨ ਰੇਅਰ ਅਰਥ ਦੇ ਨਾਮ ਸ਼ਾਮਿਲ ਹਨ।
ਇਸ ਦੇ ਨਾਲ ਹੀ ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਸੰਬੰਧੀ ਪਾਬੰਦੀਆਂ ਦੀ ਸੂਚੀ ਵਿੱਚ 11 ਚੀਨੀ ਸੰਸਥਾਵਾਂ ਨੂੰ ਸ਼ਾਮਿਲ ਕੀਤਾ ਹੈ। ਯੂਨਾਈਟਿਡ ਸਟੇਟਸ ਬਿਊਰੋ ਆਫ਼ ਇੰਡਸਟਰੀ ਐਂਡ ਸਕਿਓਰਿਟੀ (ਬੀਆਈਐੱਸ) ਨੇ ਇਸਦੀ ਪੁਸ਼ਟੀ ਕੀਤੀ ਹੈ।
ਅਮਰੀਕਾ ਦਾ ਇਹ ਫੈਸਲਾ 6 ਜਨਵਰੀ ਨੂੰ ਅਮਰੀਕੀ ਐੱਨਐੱਸਏ ਜੇਕ ਸੁਲੀਵਾਨ ਦੀ ਭਾਰਤ ਫੇਰੀ ਤੋਂ ਬਾਅਦ ਆਇਆ ਹੈ। ਸੁਲੀਵਾਨ ਨੇ ਆਈਆਈਟੀ ਦਿੱਲੀ ਵਿਖੇ ਕਿਹਾ ਸੀ ਕਿ ਅਮਰੀਕਾ ਉਨ੍ਹਾਂ ਨਿਯਮਾਂ ਨੂੰ ਹਟਾ ਦੇਵੇਗਾ ਜੋ ਭਾਰਤੀ ਪ੍ਰਮਾਣੂ ਸੰਸਥਾਵਾਂ ਅਤੇ ਅਮਰੀਕੀ ਕੰਪਨੀਆਂ ਵਿਚਕਾਰ ਸਹਿਯੋਗ ਵਿੱਚ ਰੁਕਾਵਟ ਪਾ ਰਹੇ ਸਨ।
ਉਨ੍ਹਾਂ ਕਿਹਾ ਸੀ ਕਿ ਲਗਭਗ 20 ਸਾਲ ਪਹਿਲਾਂ, ਸਾਬਕਾ ਰਾਸ਼ਟਰਪਤੀ ਬੁਸ਼ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਮਾਣੂ ਸਮਝੌਤੇ ਦੇ ਇੱਕ ਦੂਰਦਰਸ਼ੀ ਵਿਚਾਰ ਦੀ ਨੀਂਹ ਰੱਖੀ ਸੀ, ਜਿਸਨੂੰ ਹੁਣ ਸਾਨੂੰ ਪੂਰੀ ਤਰ੍ਹਾਂ ਹਕੀਕਤ ਬਣਾਉਣਾ ਹੈ।
ਦਰਅਸਲ, ਭਾਰਤ ਨੇ 11-13 ਮਈ 1998 ਨੂੰ ਰਾਜਸਥਾਨ ਦੇ ਪੋਖਰਣ ਵਿੱਚ ਪ੍ਰਮਾਣੂ ਪ੍ਰੀਖਣ ਕੀਤੇ ਸਨ। ਇਸ ਪ੍ਰੀਖਣ ਨੂੰ ਆਪਰੇਸ਼ਨ ਸ਼ਕਤੀ ਵਜੋਂ ਜਾਣਿਆ ਜਾਂਦਾ ਸੀ। ਇਨ੍ਹਾਂ ਪ੍ਰੀਖਣਾਂ ਕਾਰਨ, ਕਈ ਦੇਸ਼ਾਂ ਨੇ ਭਾਰਤ 'ਤੇ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ। ਫਿਰ ਅਮਰੀਕਾ ਨੇ 200 ਤੋਂ ਵੱਧ ਭਾਰਤੀ ਸੰਸਥਾਵਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ।