ਕੀਵ, 16 ਜਨਵਰੀ (ਪੋਸਟ ਬਿਊਰੋ): ਕੀਰ ਸਟਾਰਮਰ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਫੇਰੀ ਲਈ ਵੀਰਵਾਰ ਨੂੰ ਯੂਕਰੇਨ ਪਹੁੰਚੇ। ਇੱਥੇ ਉਹ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਮਿਲੇ। ਦੋਨਾਂ ਆਗੂਆਂ ਨੇ 2022 ਤੋਂ ਹੁਣ ਤੱਕ ਜੰਗ ਵਿੱਚ ਮਾਰੇ ਗਏ ਯੂਕਰੇਨੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਤੋਂ ਪਹਿਲਾਂ, ਬ੍ਰਿਟਿਸ਼ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਸਟਾਰਮਰ ਯੂਕਰੇਨ ਨਾਲ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ 100 ਸਾਲਾ ਸਮਝੌਤੇ 'ਤੇ ਦਸਤਖਤ ਕਰਨਗੇ। ਇਸ ਸਮਝੌਤੇ ਵਿੱਚ ਰੱਖਿਆ, ਵਿਗਿਆਨ, ਊਰਜਾ ਅਤੇ ਵਪਾਰ ਸਮੇਤ ਕਈ ਮੁੱਦੇ ਸ਼ਾਮਿਲ ਹੋਣਗੇ।
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਸਿਰਫ਼ ਅੱਜ ਦਾ ਨਹੀਂ ਹੈ, ਸਗੋਂ ਇਹ ਆਉਣ ਵਾਲੀ ਸਦੀ ਵਿੱਚ ਦੋਨਾਂ ਦੇਸ਼ਾਂ ਵਿਚਕਾਰ ਨਿਵੇਸ਼ ਦੀ ਗੱਲ ਵੀ ਕਰਦਾ ਹੈ। ਸਟਾਰਮਰ ਦੀ ਫੇਰੀ ਦੌਰਾਨ ਵੀ, ਰੂਸ ਨੇ ਕੀਵ ਵਿੱਚ ਡਰੋਨ ਹਮਲੇ ਕੀਤੇ, ਜਿਨ੍ਹਾਂ ਨੂੰ ਯੂਕਰੇਨ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਰੋਕ ਦਿੱਤਾ।
ਕੀਰ ਸਟਾਰਮਰ ਨੇ ਰੂਸੀ ਹਮਲੇ ਬਾਰੇ ਕਿਹਾ ਕਿ ਪੁਤਿਨ ਯੂਕਰੇਨ ਨੂੰ ਆਪਣੇ ਸਹਿਯੋਗੀਆਂ ਤੋਂ ਦੂਰ ਕਰਨ ਵਿੱਚ ਅਸਫਲ ਰਹੇ ਹਨ। ਅੱਜ ਅਸੀਂ ਪਹਿਲਾਂ ਨਾਲੋਂ ਕਿਤੇ ਜਿ਼ਆਦਾ ਇੱਕਜੁੱਟ ਹਾਂ ਅਤੇ ਇਹ 100 ਸਾਲਾਂ ਦਾ ਸਮਝੌਤਾ ਸਾਡੀ ਭਾਈਵਾਲੀ ਨੂੰ ਅਗਲੇ ਪੱਧਰ 'ਤੇ ਲੈ ਜਾਵੇਗਾ। ਅਸੀਂ ਇਸ ਲੜਾਈ ਵਿੱਚ ਬਹੁਤ ਅੱਗੇ ਆ ਚੁੱਕੇ ਹਾਂ। ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਬ੍ਰਿਟੇਨ ਯੂਕਰੇਨ ਲਈ ਆਪਣੀ ਮਦਦ ਨੂੰ ਕਦੇ ਵੀ ਘੱਟ ਨਹੀਂ ਹੋਣ ਦੇਵੇਗਾ।
ਸਟਾਰਮਰ ਨੇ 2023 ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਯੂਕਰੇਨ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਉਹ ਜ਼ੇਲੇਂਸਕੀ ਨੂੰ 10 ਡਾਊਨਿੰਗ ਸਟਰੀਟ (ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼) 'ਤੇ ਦੋ ਵਾਰ ਮਿਲੇ ਹਨ।