ਮੁੰਬਈ, 15 ਜਨਵਰੀ (ਪੋਸਟ ਬਿਊਰੋ): ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਜਾਨਲੇਵਾ ਹਮਲਾ ਹੋਇਆ ਹੈ। ਮੁੰਬਈ ਵਿੱਚ ਇੱਕ ਚੋਰ ਅਦਾਕਾਰ ਦੇ ਘਰ ਵਿੱਚ ਦਾਖਲ ਹੋਏ ਅਤੇ ਸਵੇਰੇ 2 ਵਜੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸੈਫ ਅਲੀ ਖਾਨ ਦੇ ਸਰੀਰ 'ਤੇ 6 ਵਾਰ ਹਮਲਾ ਕੀਤਾ ਗਿਆ। ਅਦਾਕਾਰ ਇਸ ਸਮੇਂ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਹਨ। ਫਿਲਹਾਲ, ਮੁੰਬਈ ਪੁਲਿਸ ਇਹ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਹਮਲਾ ਕਿਸਨੇ ਅਤੇ ਕਿਉਂ ਕੀਤਾ।
ਸੈਫ ਅਲੀ ਖਾਨ 'ਤੇ ਹੋਏ ਹਮਲੇ 'ਤੇ ਮੁੰਬਈ ਪੁਲਿਸ ਨੇ ਕਿਹਾ ਕਿ ਕੱਲ੍ਹ ਰਾਤ ਇੱਕ ਅਣਜਾਣ ਵਿਅਕਤੀ ਅਦਾਕਾਰ ਦੇ ਘਰ ਵਿੱਚ ਦਾਖਲ ਹੋਇਆ। ਉੱਥੇ ਉਸਨੇ ਨੌਕਰਾਣੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਸੈਫ਼ ਦੋਨਾਂ ਵਿਚਕਾਰ ਆ ਗਏ ਅਤੇ ਉਸ ਆਦਮੀ ਨੂੰ ਮਨਾਉਣ ਦੀ ਕੋਸਿ਼ਸ਼ ਕੀਤੀ। ਗੁੱਸੇ ਵਿੱਚ ਆਏ ਵਿਅਕਤੀ ਨੇ ਸੈਫ ਅਲੀ ਖਾਨ 'ਤੇ ਹਮਲਾ ਕਰ ਦਿੱਤਾ। ਦੋਨਾਂ ਵਿਚਕਾਰ ਹੱਥੋਪਾਈ ਵੀ ਹੋਈ। ਇਸ ਦੌਰਾਨ ਉਸਨੇ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮਾਮਲੇ ਦੀ ਜਾਂਚ ਹਾਲੇ ਜਾਰੀ ਹੈ।
ਅਦਾਕਾਰ ਦੀ ਟੀਮ ਵੱਲੋਂ ਇੱਕ ਅਧਿਕਾਰਤ ਬਿਆਨ ਆਇਆ ਹੈ। ਜਿਸ ਅਨੁਸਾਰ ਸੈਫ ਦੇ ਘਰ ਚੋਰੀ ਦੀ ਕੋਸਿ਼ਸ਼ ਹੋਈ ਸੀ। ਇਸ ਵੇਲੇ ਹਸਪਤਾਲ ਵਿੱਚ ਉਨ੍ਹਾਂ ਦੀ ਸਰਜਰੀ ਚੱਲ ਰਹੀ ਹੈ। ਅਸੀਂ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਸੰਜਮ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ। ਇਹ ਇੱਕ ਪੁਲਿਸ ਕੇਸ ਹੈ। ਅਸੀਂ ਤੁਹਾਨੂੰ ਸਥਿਤੀ ਬਾਰੇ ਅਪਡੇਟ ਕਰਦੇ ਰਹਾਂਗੇ।