ਬਰੈਂਪਟਨ:- (ਰਛਪਾਲ ਕੌਰ ਗਿੱਲ) ਦਸੰਬਰ 28, ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮਹੀਨੇਵਾਰ ਮੀਟਿੰਗ ਦੌਰਾਨ ਕੁਲਦੀਪ ਸਿੰਘ ਪ੍ਰਦੇਸੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਵਿਸ਼ਾਲ ਕਵੀ ਦਰਬਾਰ ਆਯੋਜਿਤ ਕੀਤਾ ਗਿਆ।
ਕੁਲਵਿੰਦਰ ਖਹਿਰਾ ਨੇ ਕੁਲਦੀਪ ਸਿੰਘ ਪ੍ਰਦੇਸੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੱਕ ਅਮੀਰ ਘਰ `ਚ ਪੈਦਾ ਹੋਏ ਪ੍ਰਦੇਸੀ ਸਾਹਿਬ ਦਾ ਬਚਪਨ ਅਜਿਹੇ ਦੁੱਖਾਂ ਅਤੇ ਸਦਮਿਆਂ ਭਰਿਆ ਸੀ ਜਿਹੜੇ ਮਨੁੱਖ ਨੂੰ ਅੱਤਵਾਦੀ, ਕਾਤਲ, ਲੁਟੇਰਾ ਜਾਂ ਬਲਾਤਕਾਰੀ ਬਣਾ ਕੇ ਰੱਖ ਦਿੰਦੇ ਹਨ। ਇਨ੍ਹਾਂ ਸਦਮਿਆਂ ਨੇ ਕੁਲਦੀਪ ਸਿੰਘ ਪ੍ਰਦੇਸੀ ਨੂੰ ਤੋੜਨ ਦੀ ਬਜਾਇ ਉਸਦੀ ਜਮੀਰ ਨੂੰ ਨਿਖਾਰਿਆ ਤੇ ਉਸ ਵਿੱਚੋਂ ਇੱਕ ਦਰਦਮੰਦ ਇਨਸਾਨ ਪੈਦਾ ਕੀਤਾ। ਬਦਲਾਖੋਰੀ ਭਾਵਨਾ ਪੈਦਾ ਕਰਨ ਦੀ ਬਜਾਇ ਪ੍ਰਦੇਸੀ ਸਾਹਿਬ ਨੇ ਲੋਕਾਈ ਦੇ ਦਰਦ ਨੂੰ ਆਪਣਾ ਦਰਦ ਬਣਾਇਆ ਅਤੇ ਸਾਰੀ ਉਮਰ ਮਜ਼ਲੂਮਾਂ ਦੀ ਆਵਾਜ਼ ਤੇ ਆਸਰਾ ਬਣਨ ਦੀ ਕੋਸ਼ਿਸ਼ ਵਿੱਚ ਲੱਗੇ ਰਹੇ।
ਇਸਤੋਂ ਬਾਦ ਓਂਕਾਰਪ੍ਰੀਤ ਨੇ ਕੁਲਦੀਪ ਸਿੰਘ ਪ੍ਰਦੇਸੀ ਸਾਹਿਬ ਨੂੰ ਸ਼ਰਧਾਂਜਲੀ ਪੇਸ਼ ਕਰਦਿਆ ਦੱਸਿਆ ਕਿ ਪ੍ਰਦੇਸੀ ਸਾਹਿਬ ਨੇ ਉਨ੍ਹਾਂ ਨੂੰ ਕਹਿ ਕੇ “ਔਰਤ ਦੀ ਚਾਰ ਦਿਨਾਂ ਦੀ ਜ਼ਿੰਦਗੀ” ਗੀਤ ਲਿਖਵਾਇਆ ਸੀ ਜੋ ਉਹ ਹਰ ਮਹਿਫ਼ਲ ਅਤੇ ਹਰ ਸਮਾਗਮ `ਤੇ ਗਾਉਂਦੇ ਰਹੇ। ਗੁਰਬਚਨ ਚਿੰਤਕ ਨੇ ਆਪਣੀ ਨਿੱਜੀ ਸਾਂਝ ਬਿਆਨ ਕਰਦਿਆਂ ਸ਼ਰਧਾਂਜਲੀ ਪੇਸ਼ ਕੀਤੀ, ਰਛਪਾਲ ਕੌਰ ਗਿੱਲ ਨੇ ਕਿਹਾ ਕਿ ਪਰਦੇਸੀ ਸਾਹਿਬ ਔਰਤਾਂ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਸਨ। ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਪ੍ਰਦੇਸੀ ਸਾਹਿਬ ਦੀ ਅਵਾਜ਼ ਵਿੱਚ ਜਾਦੂਮਈ ਅਸਰ ਸੀ।
ਕੁਲਦੀਪ ਸਿੰਘ ਪ੍ਰਦੇਸੀ ਇੱਕ ਨਾਮਵਰ ਗਾਇਕ ਸਨ ਜਿਨ੍ਹਾਂ ਨੇ ਨਰਿੰਦਰ ਬੀਬਾ ਅਤੇ ਸੁਰਿੰਦਰ ਕੌਰ ਹੁਰਾਂ ਨਾਲ਼ “ਹੋਇਆ ਕੀ ਪਰਾਹੁਣਿਆ ਵੇ ਤੇਰੀ ਮੱਤ ਨੂੰ” ਵਰਗੇ ਗੀਤ ਰਿਕਾਰਡ ਕਰਵਾਏ ਅਤੇ ਫਿਰ ਚਰਚਨ ਸਿੰਘ ਸਫ਼ਰੀ, ਕਰਤਾਰ ਸਿੰਘ ਬਲੱਗਣ, ਮਹਿੰਦਰ ਸਿੰਘ ਦਰਦ ਆਦਿ ਸ਼ਾਇਰਾਂ ਦੀ ਸ਼ਾਇਰੀ ਨਾਲ਼ ਪੰਜਾਬੀ ਵਿੱਚ ਪਹਿਲਾ ਗ਼ਜ਼ਲ਼ ਗਾਇਕੀ ਦਾ ਰਿਕਾਰਡ ਬਣਾਉਣ ਦੇ ਨਾਲ਼ ਨਾਲ਼ ਡਾ. ਜਗਤਾਰ, ਸੁਰਜੀਤ ਪਾਤਰ, ਕ੍ਰਿਸ਼ਨ ਭਨੋਟ ਆਦਿ ਦੀਆਂ ਗ਼ਜ਼ਲਾਂ ਵੀ ਗਾਈਆਂ।
ਨਾਟਕਕਾਰ ਕ੍ਰਿਪਾਲ ਕੰਵਲ (ਕਵੀ ਨਿਰੰਜਨ ਸਿੰਘ ਨੂਰ ਦੇ ਭਤੀਜੇ) ਨੇ ਪ੍ਰਦੇਸੀ ਸਾਹਿਬ ਦੀ ਨੂਰ ਸਾਹਿਬ ਨਾਲ਼ ਸਾਂਝ ਦਾ ਹਵਾਲਾ ਦਿੰਦਿਆਂ ਜਿੱਥੇ ਪ੍ਰਦੇਸੀ ਸਾਹਿਬ ਵੱਲੋਂ ਨੂਰ ਸਾਹਿਬ ਦਾ ਗਾਇਆ ਹੋਇਆ ਗੀਤ “ਮੈਂ ਆਪਣੀ ਭਾਲ਼ ਵਿੱਚ ਤੁਰਿਆਂ ਤੇ ਸ਼ਾਇਦ ਪਰਤ ਹੀ ਆਵਾਂ, ਤੂੰ ਦੀਵਾ ਬਾਲ਼ ਕੇ ਰੱਖੀਂ...” ਪੇਸ਼ ਕੀਤਾ ਓਥੇ ਪ੍ਰਦੇਸੀ ਸਾਹਿਬ ਦੀ ਹੀ ਗਾਈ ਹੋਈ ਚਰਨ ਸਿੰਘ ਸਫ਼ਰੀ ਦੀ ਰਚਨਾ “ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਵੀ ਜਾਂਦੇ ਨੇ ...” ਵੀ ਤਰੰਨਮ ਵਿੱਚ ਪੇਸ਼ ਕੀਤੀ।
ਪ੍ਰਦੇਸੀ ਸਾਹਿਬ ਦੀ ਬੇਟੀ ਰੀਨਾ, ਬੇਟੇ ਹਰਪ੍ਰੀਤ ਤੇ ਦੋਹਤੇ ਅੰਮ੍ਰਿਤ ਨੇ ਉਨ੍ਹਾਂ ਨਾਲ਼ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਆਪਣੇ ਬੱਚਿਆਂ ਪ੍ਰਤੀ ਲਗਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਆਪਣੇ ਬਾਪ ਸਦਕਾ ਹੀ ਵਧੀਆ ਵਿੱਦਿਆ ਹਾਸਲ ਕਰ ਸਕੇ ਹਨ ਤੇ ਮਿਊਜ਼ਕ ਤੇ ਸ਼ਾਇਰੀ ਨਾਲ਼ ਵੀ ਜੁੜੇ ਹੋਏ ਹਨ।
ਕਵੀ ਦਰਬਾਰ ਵਿੱਚ ਗੁਰਬਚਨ ਚੇਤਕ, ਗੁਰਦੇਵ ਚੌਹਾਨ, ਤਲਵਿੰਦਰ ਮੰਡ, ਗਿਆਨ ਸਿੰਘ ਦਰਦੀ, ਇਕਬਾਲ ਬਰਾੜ, ਨਿਰਮਲ ਜਸਵਾਲ, ਕੁਲਦੀਪ ਪਾਹਵਾ, ਸੁਰਜੀਤ ਕੌਰ, ਮਲਵਿੰਦਰ ਸਿੰਘ, ਸੁਸਮਾ, ਡਾ਼ ਬਲਵਿੰਦਰ, ਰਿੰਟੂ ਭਾਟੀਆ, ਉਜ਼ਮਾ ਮਹਿਮੂਦ, ਬਲਰਾਜ ਧਾਲੀਵਾਲ, ਓਂਕਾਰਪ੍ਰੀਤ, ਸੁਖਚਰਨਜੀਤ ਗਿੱਲ, ਪਰਮਜੀਤ ਢਿੱਲੋਂ, ਰਸ਼ੀਦ ਨਦੀਮ, ਸੁਖਦੇਵ ਝੰਡ ਸਭ ਨੇ ਵੱਖ ਵੱਖ ਰੰਗਾਂ ਦੀਆਂ ਰਚਨਾਵਾਂ ਸਾਂਝੀਆਂ ਕਰਕੇ ਕਵੀ ਦਰਬਾਰ ਵਿੱਚ ਹਿੱਸਾ ਪਾਇਆ।
ਅਖੀਰ ਤੇ ਪਿਆਰਾ ਸਿੰਘ ਕੁਦੋਵਾਲ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਸੰਵਿਧਾਨ ਦੇ ਨਿਯਮਾਂ ਦੀ ਕਦਰ ਕਰਦਿਆਂ ਹੋਇਆ ਉਸਨੇ ਆਪਣੀ ਕਾਫ਼ਲੇ ਦੇ ਸੰਚਾਲਕ ਦੀ ਜ਼ਿੰਮੇਵਾਰੀ ਤੋਂ ਅਸਤੀਫ਼ਾ ਦਿੱਤਾ ਕਿਉਂਕਿ ਉਹ ਹੋਰ ਸੰਸਥਾਵਾਂ ਨਾਲ਼ ਜ਼ਿੰਮੇਵਾਰੀ ਨਿਭਾਉਣ ਲਈ ਵਚਨਬੱਧ ਹਨ।
ਇਸ ਤੋਂ ਇਲਾਵਾ ਰਾਜ ਘੁੰਮਣ, ਜਤਿੰਦਰ ਰੰਧਾਵਾ, ਬਲਜੀਤ ਧਾਲੀਵਾਲ, ਸੁਧੀਰ ਘਈ, ਸੁਰਿੰਦਰ ਸਿੰਘ,ਹਰਜਿੰਦਰ ਸਿੰਘ, ਨਛੱਤਰ ਪ੍ਰੀਤੀ ਢਿੱਲੋਂ, ਕਬੀਰ ਘੁੰਮਣ, ਕੁਲਜੀਤ ਸੈਣੀ, ਅਜ਼ਾਦ ਘੁੰਮਣ, ਮਨਤੇਜ ਬਾਜਵਾ, ਸਿਕੰਦਰ ਗਿੱਲ, ਸ਼ਮਸ਼ੇਰ ਸਿੰਘ, ਗੁਰਜਿੰਦਰ ਸਿੰਘ ਸੰਘੇੜਾ, ਗੁਰਬਖਸ਼ ਕੌਰ ਬੈਂਸ, ਲਾਲ ਸਿੰਘ ਬੈਂਸ, ਸਤਿੰਦਰ ਸਿੰਘ, ਨਾਹਰ ਸਿੰਘ, ਜਸਰਾਜ ਸਿੰਘ, ਸੁੱਚਾ ਸਿੰਘ ਨੇ ਵੀ ਮੀਟਿੰਗ ਵਿੱਚ ਹਾਜ਼ਰੀ ਲਵਾਈ।
ਇਸ ਮੀਟਿੰਗ ਵਿੱਚ ਕਿਰਪਾਲ ਕੰਵਲ ਅਤੇ ਰਾਜਿੰਦਰ ਸਿੰਘ ਸੰਧੂ ਹੁਰਾਂ ਵੱਲੋਂ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ।