ਬਰੈਂਪਟਨ, (ਡਾ. ਝੰਡ) – ਹਰਜੀਤ ਸਿੰਘ ਉਰਫ਼ ‘ਹੈਰੀ’ ਜੋ 23 ਅਕਤੂਬਰ 2024 ਨੂੰ ਅਮਰੀਕਾ ਦੇ ਸ਼ਹਿਰ ਜਿਨੀਵਾ ਵਿਚ ਹੋਏ ਵਿਸ਼ਵ-ਪੱਧਰ ਦੇ ਸੱਭ ਤੋਂ ਸਖ਼ਤ ਮੁਕਾਬਲੇ ਵਿਚ ‘ਆਇਰਨਮੈਨ’ ਐਲਾਨੇ ਗਏ ਸਨ, ਨੂੰ ਉਨਟਾਰੀਉ ਖਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਬਾਬਾ ਜ਼ੋਰਾਵਾਰ ਬਾਬਾ ਫ਼ਤਿਹ ਸਿੰਘ ਯਾਦਗਾਰੀ ਕਮੇਟੀ ਫ਼ਤਿਹਗੜ੍ਹ ਵੱਲੋਂ ਲੰਘੇ 25 ਦਸੰਬਰ ਨੂੰ ਡਿਕਸੀ ਗੁਰੂਘਰ ਵਿੱਚ ਸਨਮਾਨਿਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਹਰਜੀਤ ਸਿੰਘ ਫ਼ਤਿਹਗੜ੍ਹ ਸਾਹਿਬ ਜਿ਼ਲੇ ਦੇ ਕਸਬੇ ਬੱਸੀ ਪਠਾਣਾਂ ਦੇ ਵਸਨੀਕ ਹਨ। ਦੋਹਾਂ ਕਮੇਟੀਆਂ ਦੇ ਪ੍ਰਬੰਧਕਾਂ ਵੱਲੋਂ ਹਰਜੀਤ ਸਿੰਘ ਨੂੰ ਵੱਡੇ ਆਕਾਰ ਦਾ ਸ੍ਰੀ ਹਰਿਮੰਦਰ ਸਾਹਿਬ ਦਾ ਖ਼ੂਬਸੂਰਤ ਮਾਡਲ ਪ੍ਰਦਾਨ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਹ ਕੇਵਲ ਹਰਜੀਤ ਸਿੰਘ ਦਾ ਹੀ ਨਹੀਂ, ਸਗੋਂ ਇਹ ਸਮੁੱਚੀ ਪੰਜਾਬੀ ਕਮਿਊਨਿਟੀ ਦਾ ਸਨਮਾਨ ਹੈ, ਕਿਉਂਕਿ ਹਰਜੀਤ ਸਿੰਘ ਨੇ ‘ਆਇਰਨਮੈਨ’ ਦਾ ਇਹ ਵਿਸ਼ਵ-ਪੱਧਰੀ ਖਿ਼ਤਾਬ ਜਿੱਤ ਕੇ ਸਾਰੀ ਦੁਨੀਆਂ ਵਿੱਚ ਪੰਜਾਬੀ ਕਮਿਊਨਿਟੀ ਦਾ ਨਾਂ ਉੱਚਾ ਕੀਤਾ ਕੀਤਾ ਹੈ। ਦੱਸਣਾ ਬਣਦਾ ਹੈ ਕਿ ਉਨ੍ਹਾਂ ਨੂੰ ਬਰੈਂਪਟਨ ਡਾਊਨ ਟਾਊਨ ਸਥਿਤ ਸਿਟੀ ਕੌਂਸਲ ਦੇ ਆਫਿ਼ਸ ਵਿੱਚ 11 ਦਸੰਬਰ ਨੂੰ ਉਚੇਚੇ ਤੌਰ ‘ਤੇ ਬੁਲਾ ਕੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਸਿਟੀ ਕੌਂਸਲਰਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।ਇਸ ਤੋਂ ਪਹਿਲਾਂ ਜੀ ਟੀ ਐੱਮ ਦੇ ਮੁੱਖ-ਪ੍ਰਬੰਧਕਾਂ ਬਲਜਿੰਦਰ ਲੇਲਣਾ, ਜਸਪਾਲ ਗਰੇਵਾਲ ਤੇ ਉਨ੍ਹਾਂ ਸਟਾਫ਼ ਵੱਲੋਂ ਵੱਲੋਂ ਹਰਜੀਤ ਸਿੰਘ ਨੂੰ 5ਦਸੰਬਰਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਪਾਠਕਾਂ ਦੀ ਜਾਣਕਾਰੀ ਲਈ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਵਿਸ਼ਵ-ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇਸ ਦੇ ਤਿੰਨ ਵੱਖ-ਵੱਖ ਪੜਾਵਾਂ ਵਿੱਚੋਂ ਸਫ਼ਲਤਾ ਪੂਰਵਕ ਗੁਜ਼ਰ ਕੇ ਅੱਗੇ ਵੱਧਣਾ ਹੁੰਦਾ ਹੈ। ਪਹਿਲੇ ਪੜਾਅ ਵਿੱਚ ਉਨ੍ਹਾਂ ਨੇ ਚਾਰ ਕਿਲੋਮੀਟਰ ਤੈਰਨਾ ਹੁੰਦਾ ਹੈ ਅਤੇ ਇਸ ਦੇ ਲਈ ਨਿਸਚਤ ਕੀਤੇ ਗਏ ਸਮੇਂ ਦੇ ਅੰਦਰ-ਅੰਦਰ ਇਹ ਪੜਾਅ ਪੂਰਾ ਕਰਨ ਵਾਲੇ ਇਸ ਦੇ ਅਗਲੇ ਪੜਾਅ ਵਿਚ ਦਾਖ਼ਲ ਹੁੰਦੇ ਹਨ ਜਿੱਥੇ ਉਨ੍ਹਾਂ ਨੇ ਦੂਸਰੇ ਪੜਾਅ ਵਿੱਚ 180 ਕਿਲੋਮੀਟਰ ਸਾਈਕਲ ਚਲਾਉਣਾ ਹੁੰਦਾ ਹੈ। ਇੱਥੋਂ ਸਫ਼ਲ ਹੋਣ ਵਾਲੇ ਮੁਕਾਬਲੇਬਾਜ਼ ਇਸ ਦੇ ਤੀਸਰੇ ਪੜਾਅ ਵਿਚ 42 ਕਿਲੋਮੀਟਰ ਲੰਮੀ ਦੌੜ ਦੌੜਦੇ ਹਨ।
ਇਹ ਤਿੰਨੇ ਪੜਾਅ ਉਨ੍ਹਾਂ ਨੇ 16 ਘੰਟੇ ਵਿੱਚ ਪੂਰੇ ਕਰਨੇ ਹੁੰਦੇ ਹਨ। ਤਾਂ ਜਾ ਕੇ ਉਹ ਪ੍ਰਬੰਧਕਾਂ ਵੱਲੋਂ ‘ਆਇਰਨਮੈਨ’ ਐਲਾਨੇ ਜਾਂਦੇ ਹਨ ਅਤੇ ਇਸ ਮੁਕਾਬਲੇ ਨਾਲ ਜੁੜਿਆ ਹੋਇਆ ਮੈਡਲ ਤੇ ਖਿ਼ਤਾਬ ਹਾਸਲ ਕਰਦੇ ਹਨ। ਹਰਜੀਤ ਸਿੰਘ ਹੈਰੀ ਨੇ ਇਹ ਤਿੰਨੇ ਪੜਾਅ 16 ਘੰਟੇ ਦੇ ਅੰਦਰ ਪੂਰੇ ਕਰਕੇ ਇਹ ਵੱਕਾਰੀ ਮੈਡਲ ਤੇ ਖਿ਼ਤਾਬ ਪ੍ਰਾਪਤ ਕੀਤਾ ਹੈ।