ਪੁਨਹਾਨਾ, 15 ਦਸੰਬਰ (ਪੋਸਟ ਬਿਊਰੋ): ਹਰਿਆਣਾ ਦੇ ਨੂਹ ਵਿਚ ਵੀਰਵਾਰ ਨੂੰ ਹੋਏ ਝਗੜੇ ਵਿਚ ਇਕ ਲੜਕੀ ਨੂੰ ਪੈਟਰੋਲ ਛਿੜਕ ਕੇ ਜਿਉਂਦਾ ਸਾੜ ਦਿੱਤਾ ਗਿਆ। ਕਤਲ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਪਿੰਡ 'ਚ ਵਸਾਉਣ ’ਤੇ ਵਿਵਾਦ ਇਨਾ ਵਧਿਆ ਕਿ ਇਕ ਲੜਕੀ ਨੂੰ ਜਿਉਂਦਾ ਅੱਗ ਦੀ ਭੇਟ ਚੜ੍ਹਾ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ 3 ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਡੀ. ਐੱਸ. ਪੀ. ਨੇ ਪਿੰਡ ਵਿਚ ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਹੈ।
ਮ੍ਰਿਤਕ ਲੜਕੀ ਸ਼ਹਿਨਾਜ਼ ਦੇ ਪਿਤਾ ਯਾਕੂਬ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ 7 ਮਹੀਨੇ ਪਹਿਲਾਂ ਉਸ ਦੇ ਪੁੱਤਰ ਰਿਜ਼ਵਾਨ ਦੀ ਮੁੱਟਰ ਧਿਰ ਦੇ ਲੋਕਾਂ ਨੇ ਕਤਲ ਕਰ ਦਿੱਤਾ ਸੀ। 7 ਮਹੀਨੇ ਬਾਅਦ ਪੁਲਸ ਕਤਲ ਦੇ ਮੁਲਜ਼ਮਾਂ ਨੂੰ ਪਿੰਡ ਵਿਚ ਵਸਾਉਣ ਲਈ ਬੀਤੇ ਸ਼ਨੀਵਾਰ ਨੂੰ ਲਿਆਈ ਸੀ। ਪੁਲਿਸ ਦੇ ਜਾਣ ਮਗਰੋਂ ਮੁਲਜ਼ਮਾਂ ਨੇ ਫਿਰ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਬੇਟੀ ਸ਼ਹਿਨਾਜ਼ ਨੂੰ ਜਿਉਂਦਾ ਅੱਗ ਦੇ ਹਵਾਲੇ ਕਰ ਦਿੱਤਾ ਸੀ।