ਬਾਂਸਵਾੜਾ, 12 ਦਸੰਬਰ (ਪੋਸਟ ਬਿਊਰੋ): ਬਾਂਸਵਾੜਾ ਜਿ਼ਲ੍ਹੇ ਦੇ ਖਮੇਰਾ ਥਾਣਾ ਖੇਤਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿਚੋਂ 2 ਸਕੇ ਭਰਾ ਸਨ। ਤੀਜਾ ਨੌਜਵਾਨ ਉਸ ਦਾ ਦੋਸਤ ਸੀ। ਇਨ੍ਹਾਂ 'ਚੋਂ ਛੋਟਾ ਭਰਾ ਆਪਣੇ ਵੱਡੇ ਭਰਾ ਅਤੇ ਦੋਸਤ ਨੂੰ ਬਾਈਕ 'ਤੇ ਛੱਡਣ ਜਾ ਰਿਹਾ ਸੀ। ਰਾਤ ਕਰੀਬ 11 ਵਜੇ ਘਰ ਤੋਂ ਕਰੀਬ 10 ਕਿਲੋਮੀਟਰ ਦੂਰ ਇਕ ਨਿੱਜੀ ਬੱਸ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।
ਦਰਅਸਲ ਖਮੇਰਾ ਥਾਣਾ ਖੇਤਰ ਦੇ ਸੁਵਾਲਾ ਨਾਰੂ ਪਿੰਡ ਦੇ ਰਹਿਣ ਵਾਲੇ ਤਿੰਨ ਨੌਜਵਾਨ, ਕੇਸਰੀਆ ਪੁੱਤਰ ਕਨ੍ਹਈਆਲਾਲ (23), ਉਸ ਦਾ ਛੋਟਾ ਭਰਾ ਭੈਰੂਲਾਲ (21) ਅਤੇ ਉਨ੍ਹਾਂ ਦਾ ਦੋਸਤ ਸੀਨੀਆ (31) ਪੁੱਤਰ ਸ਼ੰਭੂ, ਤਿੰਨੇ ਇੱਕ ਸੜਕ 'ਤੇ ਜਾ ਰਹੇ ਸਨ। ਪਿੰਡ ਤੋਂ 10 ਕਿਲੋਮੀਟਰ ਦੂਰ ਨਾਰਵਾਲੀ ਮੋੜ ’ਤੇ ਉਨ੍ਹਾਂ ਦੀ ਬਾਈਕ ਨੂੰ ਪ੍ਰਾਈਵੇਟ ਟਰੈਵਲ ਦੀ ਬੱਸ ਨੇ ਟੱਕਰ ਮਾਰ ਦਿੱਤੀ।
ਹਾਦਸੇ ਤੋਂ ਬਾਅਦ ਉੱਥੋਂ ਲੰਘ ਰਹੇ ਕੁਝ ਰਾਹਗੀਰਾਂ ਨੇ ਤੁਰੰਤ ਥਾਣਾ ਖਮੇਰਾ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਕੁਝ ਦੇਰ ਬਾਅਦ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਘਾਟੋਲ ਸੀ.ਐੱਚ.ਸੀ. ਲਿਜਾਇਆ ਗਿਆ, ਜਿੱਥੋਂ ਤਿੰਨਾਂ ਨੂੰ ਬਾਂਸਵਾੜਾ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਉਹ ਖਮੇਰਾ ਬੱਸ ਸਟੈਂਡ ਤੋਂ ਅਹਿਮਦਾਬਾਦ ਲਈ ਬੱਸ ਫੜ੍ਹਨ ਵਾਲੇ ਸਨ। ਪਰ ਇਹ ਹਾਦਸਾ ਉਸ ਤੋਂ ਪਹਿਲਾਂ ਹੀ ਵਾਪਰ ਗਿਆ।