ਨਵੀਂ ਦਿੱਲੀ, 16 ਦਸੰਬਰ (ਪੋਸਟ ਬਿਊਰੋ): ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਜਲਦੀ ਹੀ ਚੀਨ ਦਾ ਦੌਰਾ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਡੋਭਾਲ ਦਾ ਦੌਰਾ 18 ਦਸੰਬਰ ਨੂੰ ਹੋਵੇਗਾ। ਇਸ ਦੌਰਾਨ ਉਹ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਸਰਹੱਦੀ ਵਿਵਾਦ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ 'ਤੇ ਚਰਚਾ ਕਰਨਗੇ।
ਭਾਰਤ ਅਤੇ ਚੀਨ ਵਿਚਾਲੇ ਇਸ ਸਾਲ ਅਕਤੂਬਰ 'ਚ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਸਮਝੌਤਾ ਹੋਇਆ ਸੀ। ਇਸ ਲਈ ਦੋਨਾਂ ਦੇਸ਼ਾਂ ਨੇ ਅਜੀਤ ਡੋਭਾਲ ਅਤੇ ਵਾਂਗ ਯੀ ਨੂੰ ਵਿਸ਼ੇਸ਼ ਪ੍ਰਤੀਨਿਧੀ ਬਣਾਇਆ ਸੀ।
23 ਅਕਤੂਬਰ ਨੂੰ ਰੂਸ ਦੇ ਕਜ਼ਾਨ ਵਿੱਚ ਬ੍ਰਿਕਸ ਸੰਮੇਲਨ ਦੌਰਾਨ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਕੀਤੀ। 2020 ਵਿੱਚ ਭਾਰਤ ਅਤੇ ਚੀਨ ਦਰਮਿਆਨ ਗਲਵਾਨ ਝੜਪ ਤੋਂ ਬਾਅਦ ਮੋਦੀ ਅਤੇ ਜਿਨਪਿੰਗ ਵਿਚਾਲੇ ਇਹ ਪਹਿਲੀ ਦੁਵੱਲੀ ਗੱਲਬਾਤ ਸੀ।
2019 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੋਈ ਸੀਨੀਅਰ ਭਾਰਤੀ ਅਧਿਕਾਰੀ ਜਾਂ ਨੇਤਾ ਚੀਨ ਦਾ ਦੌਰਾ ਕਰੇਗਾ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਅਗਸਤ 2019 'ਚ ਚੀਨ ਗਏ ਸਨ।
ਪੂਰਬੀ ਲੱਦਾਖ ਵਿੱਚ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਚਾਰ ਸਾਲਾਂ ਤੋਂ ਤਣਾਅ ਚੱਲ ਰਿਹਾ ਸੀ। ਦੋ ਸਾਲਾਂ ਦੀ ਗੱਲਬਾਤ ਤੋਂ ਬਾਅਦ, 21 ਅਕਤੂਬਰ ਨੂੰ ਇੱਕ ਸਮਝੌਤਾ ਹੋਇਆ ਸੀ ਕਿ ਦੋਵੇਂ ਫੌਜਾਂ ਵਿਵਾਦਿਤ ਬਿੰਦੂ ਡੇਪਸਾਂਗ ਅਤੇ ਡੇਮਚੋਕ ਤੋਂ ਹਟ ਜਾਣਗੀਆਂ। ਇਸ ਤੋਂ ਬਾਅਦ 25 ਅਕਤੂਬਰ ਤੋਂ ਦੋਨਾਂ ਦੇਸ਼ਾਂ ਦੀਆਂ ਫੌਜਾਂ ਨੇ ਵਿਵਾਦਿਤ ਬਿੰਦੂਆਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਸੀ।
ਐੱਲਏਸੀ 'ਤੇ ਗਸ਼ਤ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 27 ਅਕਤੂਬਰ ਨੂੰ ਕਿਹਾ ਸੀ ਕਿ ਫੌਜਾਂ ਦੀ ਵਾਪਸੀ ਪਹਿਲਾ ਕਦਮ ਹੈ। ਅਗਲਾ ਕਦਮ ਤਣਾਅ ਨੂੰ ਘਟਾਉਣਾ ਹੈ। ਤਣਾਅ ਨੂੰ ਘੱਟ ਕਰਨ ਲਈ ਦੋਹਾਂ ਦੇਸ਼ਾਂ ਵਿਚਾਲੇ 2 ਸਾਲਾਂ 'ਚ 38 ਬੈਠਕਾਂ ਹੋਈਆਂ।