ਬੀਕਾਨੇਰ, 18 ਦਸੰਬਰ (ਪੋਸਟ ਬਿਊਰੋ): ਰਾਜਸਥਾਨ ਦੇ ਬੀਕਾਨੇਰ ਵਿੱਚ ਮਹਾਜਨ ਫੀਲਡ ਫਾਇਰਿੰਗ ਰੇਂਜ ਦੇ ਉੱਤਰੀ ਕੈਂਪ ਵਿੱਚ ਅਭਿਆਸ ਦੌਰਾਨ ਧਮਾਕੇ ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ। ਇੱਕ ਸਿਪਾਹੀ ਗੰਭੀਰ ਜ਼ਖਮੀ ਹੈ। ਉਸ ਨੂੰ ਸੂਰਤਗੜ੍ਹ ਦੇ ਮਿਲਟਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ 4 ਦਿਨਾਂ ਵਿੱਚ ਇਹ ਦੂਜਾ ਹਾਦਸਾ ਹੈ। ਦੋਨਾਂ ਹਾਦਸਿਆਂ ਵਿੱਚ 3 ਜਵਾਨਾਂ ਦੀ ਮੌਤ ਹੋ ਗਈ ਹੈ।
ਫੌਜ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਫਾਇਰਿੰਗ ਰੇਂਜ ਦੇ ਚਾਰਲੀ ਸੈਂਟਰ 'ਚ ਵਾਪਰਿਆ, ਜਿੱਥੇ ਫੌਜੀ ਅਭਿਆਸ ਚੱਲ ਰਿਹਾ ਸੀ। ਸਵੇਰੇ ਤੋਪ ਦਾਗਦੇ ਸਮੇਂ ਅਚਾਨਕ ਧਮਾਕਾ ਹੋਇਆ। ਇਸ ਦੌਰਾਨ ਹੈੱਡ ਕਾਂਸਟੇਬਲ ਆਸ਼ੂਤੋਸ਼ ਮਿਸ਼ਰਾ ਵਾਸੀ ਦੇਵਰੀਆ (ਉੱਤਰ ਪ੍ਰਦੇਸ਼) ਅਤੇ ਗਨਰ ਜਤਿੰਦਰ ਸਿੰਘ ਵਾਸੀ ਦੌਸਾ (ਰਾਜਸਥਾਨ) ਅਤੇ ਇੱਕ ਹੋਰ ਸਿਪਾਹੀ ਇਸ ਦੀ ਲਪੇਟ ਵਿੱਚ ਆ ਗਏ।
ਹੈੱਡ ਕਾਂਸਟੇਬਲ ਆਸ਼ੂਤੋਸ਼ ਮਿਸ਼ਰਾ ਅਤੇ ਗਨਰ ਜਤਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਜ਼ਖਮੀਆਂ ਦਾ ਫੌਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਜਿ਼ਕਰਯੋਗ ਹੈ ਕਿ ਐਤਵਾਰ ਨੂੰ ਵੀ ਬੀਕਾਨੇਰ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ 'ਚ ਇਕ ਜਵਾਨ ਦੀ ਮੌਤ ਹੋ ਗਈ ਸੀ। 15 ਦਸੰਬਰ ਨੂੰ ਗੋਲੀਬਾਰੀ ਰੇਂਜ ਦੇ ਪੂਰਬੀ ਕੈਂਪ ਵਿੱਚ ਯੁਧ ਅਭਿਆਸ ਚੱਲ ਰਿਹਾ ਸੀ। ਹੌਲਦਾਰ ਚੰਦਰ ਪ੍ਰਕਾਸ਼ ਪਟੇਲ (31) ਵਾਸੀ ਨਰਾਇਣਪੁਰ, ਜਮੂਆ ਬਾਜ਼ਾਰ ਕਛੂਵਾ, ਮਿਰਜ਼ਾਪੁਰ (ਯੂ.ਪੀ.) ਫੌਜ ਦੀ ਤੋਪਖਾਨਾ 199 ਮੀਡੀਅਮ ਰੈਜੀਮੈਂਟ ਤੋਪ ਨੂੰ ਟੋਇੰਗ ਗੱਡੀ ਨਾਲ ਜੋੜ ਰਿਹਾ ਸੀ।
ਇਸ ਦੌਰਾਨ ਤੋਪ ਫਿਸਲ ਗਈ ਅਤੇ ਚੰਦਰਪ੍ਰਕਾਸ਼ ਦੋਹਾਂ ਵਿਚਕਾਰ ਫਸ ਗਿਆ। ਉਸ ਨੂੰ ਗੰਭੀਰ ਹਾਲਤ ਵਿਚ ਸੂਰਤਗੜ੍ਹ ਆਰਮੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚੰਦਰ ਪ੍ਰਕਾਸ਼ ਪਟੇਲ 13 ਸਾਲਾਂ ਤੋਂ ਫੌਜ ਵਿੱਚ ਸਨ।