ਨਵੀਂ ਦਿੱਲੀ, 15 ਦਸੰਬਰ (ਪੋਸਟ ਬਿਊਰੋ): ਦਿੱਲੀ ਦੀ ਕਾਨੂੰਨ ਵਿਵਸਥਾ ਮੁੱਦੇ `ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਾਨੂੰਨ ਵਿਵਸਥਾ `ਤੇ ਚਰਚਾ ਕਰਨ ਲਈ ਅਮਿਤ ਸ਼ਾਹ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਪੱਤਰ `ਚ ਕੇਜਰੀਵਾਲ ਨੇ ਦਿੱਲੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਪੱਤਰ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਕੇਂਦਰ ਸਰਕਾਰ ਦੇ ਅਧੀਨ ਹੈ। ਦਿੱਲੀ ਹੁਣ ਅਪਰਾਧ ਦੀ ਰਾਜਧਾਨੀ ਵਜੋਂ ਜਾਣੀ ਜਾਂਦੀ ਹੈ। ਭਾਰਤ ਦੇ 19 ਮਹਾਨਗਰਾਂ’ਚੋਂ ਦਿੱਲੀ ਔਰਤਾਂ ਵਿਰੁੱਧ ਅਪਰਾਧਾਂ ਦੇ ਨਾਲ-ਨਾਲ ਕਤਲ ਦੇ ਮਾਮਲਿਆਂ ‘ਚ ਪਹਿਲੇ ਨੰਬਰ `ਤੇ ਹੈ।
ਕੇਜਰੀਵਾਲ ਨੇ ਲਿਖਿਆ ਕਿ ਦਿੱਲੀ ‘ਚ ਜਬਰਨ ਵਸੂਲੀ ਵਾਲੇ ਗੈਂਗ ਸਰਗਰਮ ਹੋ ਗਏ ਹਨ। ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਨਸਿ਼ਆਂ ਨਾਲ ਸਬੰਧਤ ਅਪਰਾਧਾਂ `ਚ 350 ਫੀਸਦੀ ਵਾਧਾ ਹੋਇਆ ਹੈ। ਮੈਂ ਪੂਰੀ ਦਿੱਲੀ ‘ਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਦਿੱਲੀ ਹੁਣ ਦੇਸ਼-ਵਿਦੇਸ਼ `ਚ ਅਪਰਾਧ ਦੀ ਰਾਜਧਾਨੀ ਵਜੋਂ ਜਾਣੀ ਜਾਂਦੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ‘ਪਿਛਲੇ 6 ਮਹੀਨਿਆਂ ‘ਚ ਦਿੱਲੀ ਦੇ 300 ਤੋਂ ਵੱਧ ਸਕੂਲਾਂ-ਕਾਲਜਾਂ, 100 ਤੋਂ ਵੱਧ ਹਸਪਤਾਲਾਂ, ਹਵਾਈ ਅੱਡਿਆਂ ਅਤੇ ਮਾਲਜ਼ `ਤੇ ਲਗਾਤਾਰ ਬੰਬ ਧਮਾਕਿਆਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।