-ਪੀ.ਸੀ.ਐੱਚ.ਐੱਸ. ਦੇ ਸਾਬਕਾ ਸੀ.ਈ.ਓ. ਬਲਦੇਵ ਸਿੰਘ ਮੁੱਤਾ ਉਚੇਚੇ ਤੌਰ `ਤੇ ਹੋਏ ਸ਼ਾਮਿਲ
ਬਰੈਂਪਟਨ, 6 ਨਵੰਬਰ (ਡਾ. ਝੰਡ): ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ (ਪੀ.ਸੀ.ਐੱਚ.ਐੱਸ.) ਦੇ ਸ਼ੁੱਕਰਵਾਰ ਵਾਲੇ ਸੀਨੀਅਰਜ਼ ਗਰੁੱਪ ਦੇ ਮੈਂਬਰਾਂ ਨੇ ਲੰਘੇ ਸ਼ੁੱਕਰਵਾਰ ਦੀਵਾਲੀ ਦਾ ਤਿਓਹਾਰ ਅਤੇ ਬੰਦੀਛੋੜ-ਦਿਵਸ ਬੜੇ ਸ਼ੌਕ ਤੇ ਉਤਸ਼ਾਹ ਨਾਲ ਮਨਾਇਆ। ਇਸ ਦੀ ਯੋਜਨਾਬੰਦੀ ਉਨ੍ਹਾਂ ਵੱਲੋਂ ਇੱਕ ਹਫ਼ਤਾ ਪਹਿਲਾਂ ਹੀ ਕੀਤੀ ਗਈ ਸੀ ਅਤੇ ਦੀਵਾਲੀ ਦੇ ਤਿਓਹਾਰ ਤੇ ਬੰਦੀਛੋੜ-ਦਿਵਸ ਸਬੰਧੀ ਹਰੇਕ ਮੈਂਬਰ ਨੂੰ ਕੁਝ ਨਾ ਕੁਝ ਤਿਆਰ ਕਰਕੇ ਆਉਣ ਲਈ ਕਿਹਾ ਗਿਆ ਸੀ।
ਦੀਵਾਲੀ ਅਤੇ ਬੰਦੀਛੋੜ-ਦਿਵਸ ਦੇ ਇਤਿਹਾਸਕ ਪਿਛੋਕੜ ਬਾਰੇ ਪ੍ਰਿਤਪਾਲ ਸਿੰਘ ਘੁੰਮਣ, ਹਰੀਸ਼ ਚੌਹਾਨ, ਸਾਧੂ ਰਾਮ ਕਾਲੀਆ, ਮਨਜੀਤ ਸਿੰਘ, ਸੁਰਿੰਦਰ ਸਿੰਘ ਸਰੋਏ, ਡਾ. ਸੁਖਦੇਵ ਸਿੰਘ ਝੰਡ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਕੰਵਲ ਪੁਰੀ ਵੱਲੋਂ ਇਸ ਮੌਕੇ ਸ਼ਬਦ “ਠਾਕਰ ਤੁਮ ਸਰਨਾਈ ਆਇਆ” ਗਾਇਆ ਗਿਆ। ਉਸ ਤੋਂ ਬਾਅਦ ਮਨਜੀਤ ਕੌਰ ਨੇ ਵੀ ਇਸ ਮੌਕੇ ਇੱਕ ਸ਼ਬਦ ਦਾ ਗਾਇਨ ਕੀਤਾ। ਕਰਮਜੀਤ ਕੌਰ ਵੱਲੋਂ ਦੀਵਾਲੀ ਬਾਰੇ ਇੱਕ ਕਵਿਤਾ ਸੁਣਾਈ ਗਈ। ਜਗਦੀਸ਼ ਕੌਰ ਝੰਡ ਨੇ ਲੋਕ-ਗੀਤ ‘ਸੱਸੀ ਪੁੰਨੂ ਦੋ ਜਣੇ’ ਪੇਸ਼ ਕੀਤਾ।ਹਰਭਜਨ ਕੌਰ ਗੁਲਾਟੀ ਨੇ ‘ਅੰਗਰੇਜ਼’ ਫ਼ਿਲਮ ਦੇ ਗੀਤ “ਚੱਲ ਮੇਲੇ ਨੂੰ ਚੱਲੀਏ” ਨੂੰ ਆਪਣੇ ਵੱਖਰੇ ਅੰਦਾਜ਼ ‘ਚ ਗਾ ਕੇ ਖ਼ੂਬ “ਵਾਹ-ਵਾਹ” ਖੱਟੀ। ਸਰਬਜੀਤ ਕੌਰ ਕਾਹਲੋਂ ਤੇ ਕਈ ਹੋਰ ਮੈਂਬਰਾਂ ਵੱਲੋਂ ਦੀਵਾਲੀ ਦਾ ਤਿਓਹਾਰ ਮਨਾਉਣ ਨਾਲ ਜੁੜੀਆਂ ਯਾਦਾਂ ਸਾਂਝੀਆ ਕੀਤੀਆਂ ਗਈਆਂ।
ਪ੍ਰੋਗਰਾਮ ਦਾ ਸਿਖ਼ਰ ਇਸ ਮੌਕੇ ਪੀ.ਸੀ.ਐੱਚ.ਐੱਸ. ਦੇ ਸਾਬਕਾ ਸੀ.ਈ.ਓ. ਬਲਦੇਵ ਸਿੰਘ ਮੁੱਤਾ ਵੱਲੋਂ ਚੰਗੇਰੀ ਜ਼ਿੰਦਗੀ ਜਿਊਣ ਸਬੰਧੀ ਮੈਂਬਰਾਂ ਨੂੰ ਕੀਤਾ ਗਿਆ ਖ਼ੂਬਸੂਰਤ ਸੰਬੋਧਨ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਆਪਣੇ ਜੀਵਨ ਵਿੱਚ ਪਿਆਰ, ਸਤਿਕਾਰ, ਹਮਦਰਦੀ, ਮਿੱਠਾ ਬੋਲਣ ਤੇ ਲੋੜਵੰਦ ਦੀ ਸਹਾਇਤਾ ਕਰਨ ਵਰਗੇ ਚੰਗੇ ਗੁਣਾਂ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਦੂਸਰਿਆਂ ਵੱਲੋਂ ਕੀਤੀ ਜਾਂਦੀ ਈਰਖਾ ਅਤੇ ਸਾੜੇ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਇਸ ਸਬੰਧੀ ਉਨ੍ਹਾਂ ਵੱਲੋਂ ਆਪਣੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਦੇ ਕਈ ਖ਼ੂਬਸੂਰਤ ਹਵਾਲੇ ਵੀ ਦਿੱਤੇ ਗਏ। ਮੈਂਬਰਾਂ ਵੱਲੋਂ ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਨੂੰ ਬੜੇ ਗ਼ੌਰ ਨਾਲ ਸੁਣਿਆ ਗਿਆ ਅਤੇ ਇਨ੍ਹਾਂ ਦੀ ਭਰਪੂਰ ਸਰਾਹਨਾ ਕੀਤੀ ਗਈ। ਉਪਰੰਤ, ਸਾਰਿਆਂ ਨੇ ਮਿਲ ਕੇ ਇੱਕ ਰੈਸਟੋਰੈਂਟ ਤੋਂ ਮੰਗਵਾਏ ਗਏ ਸੁਆਦਲੇ ਖਾਣੇ ਦਾ ਅਨੰਦ ਮਾਣਿਆਂ ਅਤੇ ਦੀਵਾਲੀ ਦੀਆਂ ਮੁਬਾਰਕਾਂ ਤੇ ਸ਼ੁਭ-ਕਾਮਨਾਵਾਂ ਸਾਂਝੀਆਂ ਕੀਤੀਆਂ।