-ਨੋਟ 'ਤੇ ਨਕਸ਼ੇ 'ਚ 3 ਭਾਰਤੀ ਇਲਾਕੇ ਦਿਖਾਏ
ਕਾਠਮੰਡੂ, 31 ਅਕਤੂਬਰ (ਪੋਸਟ ਬਿਊਰੋ): ਨੇਪਾਲ ਦੇ ਕੇਂਦਰੀ ਬੈਂਕ 'ਨੇਪਾਲ ਰਾਸ਼ਟਰ ਬੈਂਕ' ਨੇ ਚੀਨ ਦੀ ਇਕ ਕੰਪਨੀ ਨੂੰ 100 ਰੁਪਏ ਦੇ ਨਵੇਂ ਨੇਪਾਲੀ ਨੋਟ ਛਾਪਣ ਦਾ ਠੇਕਾ ਦਿੱਤਾ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇਨ੍ਹਾਂ ਨੋਟਾਂ 'ਤੇ ਬਣਾਏ ਗਏ ਨਕਸ਼ੇ 'ਚ ਭਾਰਤ ਦੇ ਲਿਪੁਲੇਖ, ਲਿੰਪੀਆਧੁਰਾ ਅਤੇ ਕਾਲਾਪਾਣੀ ਖੇਤਰਾਂ ਨੂੰ ਨੇਪਾਲ ਦਾ ਹਿੱਸਾ ਦਿਖਾਇਆ ਗਿਆ ਹੈ। ਇਸ ਖੇਤਰ ਨੂੰ ਲੈ ਕੇ ਭਾਰਤ ਅਤੇ ਨੇਪਾਲ ਵਿਚਾਲੇ ਕਰੀਬ 35 ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ।
ਰਿਪੋਰਟ ਮੁਤਾਬਕ ਚੀਨ ਦੀ 'ਬੈਂਕ ਨੋਟ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ' ਕੰਪਨੀ ਨੂੰ ਨੋਟ ਛਾਪਣ ਦਾ ਠੇਕਾ ਮਿਲਿਆ ਹੈ। ਚੀਨੀ ਕੰਪਨੀ ਨੇਪਾਲੀ ਕਰੰਸੀ ਨੋਟਾਂ ਦੀਆਂ 30 ਕਰੋੜ ਕਾਪੀਆਂ ਛਾਪੇਗੀ। ਇਸ 'ਤੇ ਲਗਭਗ 75 ਕਰੋੜ ਭਾਰਤੀ ਰੁਪਏ ਖਰਚ ਹੋਣਗੇ। ਯਾਨੀ ਕਿ 100 ਰੁਪਏ ਦੇ 1 ਨੇਪਾਲੀ ਨੋਟ ਨੂੰ ਛਾਪਣ ਦੀ ਕੀਮਤ ਲਗਭਗ 2.50 ਭਾਰਤੀ ਰੁਪਏ ਹੋਵੇਗੀ।
ਨੇਪਾਲ ਵਿੱਚ, ਨੇਪਾਲ ਰਾਸਟਰ ਬੈਂਕ ਨੂੰ ਨੋਟਾਂ ਦਾ ਡਿਜ਼ਾਈਨ ਬਦਲਣ ਦਾ ਅਧਿਕਾਰ ਹੈ। ਹਾਲਾਂਕਿ ਇਸ ਲਈ ਉਨ੍ਹਾਂ ਨੂੰ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਨੇਪਾਲ ਦੀ ਕੈਬਨਿਟ ਨੇ ਇਸ ਸਾਲ ਮਈ 'ਚ ਇਸ ਨੋਟ ਦੇ ਡਿਜ਼ਾਈਨ 'ਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਸੀ।
ਉਸ ਸਮੇਂ ਪੁਸ਼ਪਾ ਕਮਲ ਦਹਿਲ ਪ੍ਰਚੰਡ ਨੇਪਾਲ ਦੇ ਪ੍ਰਧਾਨ ਮੰਤਰੀ ਸਨ। ਕੇਪੀ ਸ਼ਰਮਾ ਓਲੀ ਇਸ ਸਰਕਾਰ ਦਾ ਸਮਰਥਨ ਕਰ ਰਹੇ ਸਨ। 12 ਜੁਲਾਈ ਨੂੰ ਓਲੀ ਨੇ ਪ੍ਰਚੰਡ ਸਰਕਾਰ ਤੋਂ ਸਮਰਥਨ ਵਾਪਿਸ ਲੈ ਲਿਆ ਸੀ। ਹੁਣ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦਾ ਸਮਰਥਨ ਨੇਪਾਲੀ ਕਾਂਗਰਸ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਕਰ ਰਹੇ ਹਨ।