-ਬਾਇਡਨ ਨੇ ਟਰੰਪ ਸਮਰਥਕਾਂ ਨੂੰ ਕਿਹਾ ਸੀ ਕੂੜਾ
ਵਾਸਿ਼ੰਗਟਨ, 31 ਅਕਤੂਬਰ (ਪੋਸਟ ਬਿਊਰੋ): ਜੋਅ ਬਾਇਡਨ ਵੱਲੋਂ ਅਮਰੀਕੀ ਚੋਣਾਂ 'ਚ ਟਰੰਪ ਸਮਰਥਕਾਂ ਨੂੰ 'ਕੂੜਾ' ਕਹਿਣ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਸ਼ਾਮ ਵਿਸਕਾਨਸਿਨ 'ਚ ਚੋਣ ਪ੍ਰਚਾਰ ਕਰਨ ਗਏ ਸਨ। ਇੱਥੇ ਉਹ ਲਾਲ ਟੋਪੀ ਅਤੇ ਸਵੀਪਰ ਦੀ ਜੈਕਟ ਪਾ ਕੇ ਕੂੜੇ ਦੇ ਟਰੱਕ ਵਿੱਚ ਬੈਠੇ ਨਜ਼ਰ ਆਏ।
ਟਰੰਪ ਨੇ ਟਰੱਕ 'ਤੇ ਬੈਠ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਟਰੰਪ ਨੇ ਕਿਹਾ ਕਿ ਉਹ ਕਮਲਾ ਅਤੇ ਜੋਅ ਬਾਇਡਨ ਦੇ ਬਿਆਨਾਂ ਦਾ ਵਿਰੋਧ ਕਰਦੇ ਹਨ। ਬਾਇਡਨ ਨੇ ਬਿਲਕੁਲ ਕਿਹਾ ਹੈ ਕਿ ਕਮਲਾ ਸਾਡੇ ਸਮਰਥਕਾਂ ਬਾਰੇ ਕੀ ਸੋਚਦੀ ਹੈ, ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਦੇ 250 ਮਿਲੀਅਨ ਲੋਕ ਕੂੜਾ ਨਹੀਂ ਹਨ।
ਦਰਅਸਲ 29 ਅਕਤੂਬਰ ਨੂੰ ਬਾਇਡਨ ਨੇ ਟਰੰਪ ਸਮਰਥਕਾਂ ਨੂੰ 'ਕੂੜਾ' ਕਿਹਾ ਸੀ। ਬਾਇਡਨ ਨੇ ਇਹ ਜਵਾਬ ਟਰੰਪ ਦੇ ਸਮਰਥਕ ਕਾਮੇਡੀਅਨ ਦੀ ਟਿੱਪਣੀ 'ਤੇ ਦਿੱਤਾ।
ਟਰੰਪ ਨੇ 27 ਅਕਤੂਬਰ ਨੂੰ ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਇੱਕ ਰੈਲੀ ਕੀਤੀ ਸੀ। ਇਸ ਦੌਰਾਨ ਕਾਮੇਡੀਅਨ ਟੋਨੀ ਹਿਨਕਲਿਫ ਨੇ ਪੋਰਟੋ ਰੀਕੋ ਨੂੰ 'ਕੂੜੇ ਦਾ ਟਾਪੂ' ਦੱਸਿਆ ਸੀ।
ਇਸ ਮਾਮਲੇ 'ਤੇ ਬਾਇਡਨ ਨੇ ਕਿਹਾ ਸੀ ਕਿ ਪੋਰਟੋ ਰੀਕੋ ਭਾਈਚਾਰੇ ਦੇ ਲੋਕ ਬਹੁਤ ਸੱਭਿਅਕ ਅਤੇ ਪਿਆਰ ਕਰਨ ਵਾਲੇ ਹਨ। ਅਮਰੀਕਾ ਦੇ ਵਿਕਾਸ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਮੈਂ ਸਿਰਫ ਟਰੰਪ ਦੇ ਸਮਰਥਕਾਂ ਨੂੰ ਕੂੜਾ ਫੈਲਾਉਂਦੇ ਵੇਖਦਾ ਹਾਂ।