ਕਾਬੁਲ, 30 ਅਕਤੂਬਰ (ਪੋਸਟ ਬਿਊਰੋ): ਅਫਗਾਨਿਸਤਾਨ ਦੇ ਇਕ ਮੰਤਰੀ ਨੇ ਕਿਹਾ ਹੈ ਕਿ ਅਫਗਾਨ ਔਰਤਾਂ ਨੂੰ ਹੋਰ ਔਰਤਾਂ ਦੇ ਸਾਹਮਣੇ ਉੱਚੀ ਆਵਾਜ਼ ’ਚ ਨਮਾਜ਼ ਪੜ੍ਹਨ ਜਾਂ ਕੁਰਾਨ ਪੜ੍ਹਨ ਦੀ ਮਨਾਹੀ ਹੈ।
ਇਹ ਨੈਤਿਕਤਾ ਕਾਨੂੰਨਾਂ ਤਹਿਤ ਔਰਤਾਂ ’ਤੇ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਹਨ। ਇਨ੍ਹਾਂ ਕਾਨੂੰਨਾਂ ਤਹਿਤ ਔਰਤਾਂ ਨੂੰ ਘਰ ਦੇ ਬਾਹਰ ਉੱਚੀ ਆਵਾਜ਼ ’ਚ ਗੱਲ ਕਰਨ ਅਤੇ ਅਪਣਾ ਚਿਹਰਾ ਵਿਖਾਉਣ ’ਤੇ ਪਾਬੰਦੀ ਹੈ।
ਇਸ ਤੋਂ ਇਲਾਵਾ ਕੁੜੀਆਂ ਨੂੰ ਛੇਵੀਂ ਜਮਾਤ ਤੋਂ ਬਾਅਦ ਸਿੱਖਿਆ ਤੋਂ ਵਾਂਝੀਆਂ ਰਖਿਆ ਗਿਆ ਹੈ ਅਤੇ ਔਰਤਾਂ ਨੂੰ ਪਹਿਲਾਂ ਹੀ ਕਈ ਜਨਤਕ ਥਾਵਾਂ ਅਤੇ ਜਿ਼ਆਦਾਤਰ ਨੌਕਰੀਆਂ ਤੋਂ ਬਾਹਰ ਰੱਖਿਆ ਗਿਆ ਹੈ।
ਦੇਸ਼ ਦੇ ਧਾਰਮਕ ਮੰਤਰਾਲੇ ਦੇ ਕਿਸੇ ਵੀ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਪਾਬੰਦੀਆਂ ਨੈਤਿਕਤਾ ਕਾਨੂੰਨਾਂ ਦਾ ਹਿੱਸਾ ਬਣ ਜਾਣਗੀਆਂ ਜਾਂ ਨਹੀਂ। ਧਾਰਮਿਕ ਮੰਤਰੀ ਖਾਲਿਦ ਹਨਾਫੀ ਨੇ ਪੂਰਬੀ ਲੋਗਰ ਸੂਬੇ ’ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਕਿਸੇ ਔਰਤ ਲਈ ਕਿਸੇ ਹੋਰ ਬਾਲਗ ਔਰਤ ਦੇ ਸਾਹਮਣੇ ਕੁਰਾਨ ਦੀਆਂ ਆਇਤਾਂ ਪੜ੍ਹਨ ਦੀ ਮਨਾਹੀ ਹੈ। ਇੱਥੋਂ ਤਕ ਕਿ ਤਕਬੀਰ (ਅੱਲਾਹੂ ਅਕਬਰ) ਦੇ ਨਾਅਰੇ ਲਗਾਉਣ ਦੀ ਵੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਅਜ਼ਾਨ ਦੇਣ ਦੀ ਇਜਾਜ਼ਤ ਵੀ ਨਹੀਂ ਹੈ। ਹਨਾਫੀ ਦੀ ਟਿੱਪਣੀ ਦਾ ਆਡੀਓ ਮੰਤਰਾਲੇ ਦੇ ਸੋਸ਼ਲ ਮੀਡੀਆ ਮੰਚ ’ਤੇ ਸਾਂਝਾ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਹਟਾ ਦਿਤਾ ਗਿਆ।