ਤਲਅਵੀਵ, 30 ਅਕਤੂਬਰ (ਪੋਸਟ ਬਿਊਰੋ): ਉੱਤਰੀ ਗਾਜ਼ਾ ਪੱਟੀ ’ਚ ਮੰਗਲਵਾਰ ਨੂੰ ਇਜ਼ਰਾਈਲ ਦੇ ਦੋ ਹਵਾਈ ਹਮਲਿਆਂ ’ਚ ਕਈ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 88 ਲੋਕਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਕ ਹਸਪਤਾਲ ਦੇ ਡਾਇਰੈਕਟਰ ਨੇ ਕਿਹਾ ਕਿ ਜਾਨਲੇਵਾ ਸੱਟਾਂ ਲੱਗਣ ਵਾਲੇ ਮਰੀਜ਼ਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਹਫਤੇ ਇਜ਼ਰਾਈਲੀ ਫ਼ੌਜਾਂ ਦੀ ਛਾਪੇਮਾਰੀ ਦੌਰਾਨ ਕਈ ਡਾਕਟਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਇਜ਼ਰਾਈਲ ਨੇ ਹਾਲ ਹੀ ਦੇ ਹਫਤਿਆਂ ’ਚ ਉੱਤਰੀ ਗਾਜ਼ਾ ’ਚ ਅਪਣੇ ਹਵਾਈ ਹਮਲੇ ਤੇਜ਼ ਕਰ ਦਿਤੇ ਹਨ ਅਤੇ ਇਕ ਵੱਡੀ ਜ਼ਮੀਨੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਮਾਸ ਦੇ ਅਤਿਵਾਦੀਆਂ ਨੂੰ ਖਤਮ ਕਰਨ ਲਈ ਹੈ ਜੋ ਇਕ ਸਾਲ ਤੋਂ ਵੱਧ ਸਮੇਂ ਦੀ ਜੰਗ ਤੋਂ ਬਾਅਦ ਮੁੜ ਇਕੱਠੇ ਹੋ ਗਏ ਹਨ।
ਗਾਜ਼ਾ ਤੱਕ ਨਾਕਾਫੀ ਸਹਾਇਤਾ ਪਹੁੰਚਣ ਬਾਰੇ ਚਿੰਤਾਵਾਂ ਸੋਮਵਾਰ ਨੂੰ ਉਸ ਸਮੇਂ ਵਧ ਗਈਆਂ ਜਦੋਂ ਇਜ਼ਰਾਈਲ ਦੀ ਸੰਸਦ ਨੇ ਦੋ ਬਿਲ ਪਾਸ ਕੀਤੇ ਜੋ ਫਲਸਤੀਨੀ ਸ਼ਰਨਾਰਥੀਆਂ ਨਾਲ ਨਜਿੱਠਣ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਗਾਜ਼ਾ ਨੂੰ ਸਹਾਇਤਾ ਪ੍ਰਦਾਨ ਕਰਨ ਤੋਂ ਰੋਕ ਸਕਦੇ ਹਨ। ਇਜ਼ਰਾਈਲ ਗਾਜ਼ਾ ਅਤੇ ਕਬਜ਼ੇ ਵਾਲੇ ਪੱਛਮੀ ਕੰਢੇ ਦੋਹਾਂ ਨੂੰ ਕੰਟਰੋਲ ਕਰਦਾ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਏਜੰਸੀ ਉੱਥੇ ਕਿਵੇਂ ਕੰਮ ਕਰੇਗੀ।
ਗਾਜ਼ਾ ਦੇ ਸਿਹਤ ਮੰਤਰਾਲੇ ਦੀ ਐਮਰਜੈਂਸੀ ਸੇਵਾ ਨੇ ਦੱਸਿਆ ਕਿ ਉੱਤਰੀ ਗਾਜ਼ਾ ਦੇ ਬੇਤ ਲਾਹੀਆ ਸ਼ਹਿਰ ’ਚ ਮੰਗਲਵਾਰ ਨੂੰ ਦੋ ਹਮਲੇ ਹੋਏ। ਪਹਿਲਾ ਹਮਲਾ ਇਕ ਪੰਜ ਮੰਜਿ਼ਲਾ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ, ਜਿਸ ਵਿਚ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ ਸੀ ਅਤੇ 23 ਲਾਪਤਾ ਹੋ ਗਏ ਸਨ।