Welcome to Canadian Punjabi Post
Follow us on

18

October 2024
 
ਟੋਰਾਂਟੋ/ਜੀਟੀਏ

ਕਾਫ਼ਲੇ ਦੀ ਸਤੰਬਰ ਮਹੀਨੇ ਦੀ ਮੀਟਿੰਗ ਦੌਰਾਨ ਬਹੁਪੱਖੀ ਵਿਸ਼ਿਆਂ `ਤੇ ਵਿਚਾਰ-ਚਰਚਾ

October 16, 2024 09:53 PM

  

ਬਰੈਂਪਟਨ:- (ਰਛਪਾਲ ਕੌਰ ਗਿੱਲ) "ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ" ਦੀ ਮੀਟਿੰਗ ਦੌਰਾਨ ਵੱਖ ਵੱਖ ਵਿਸ਼ਿਆਂ `ਤੇ ਭਰਪੂਰ ਵਿਚਾਰ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਫ਼ਲਸਤੀਨ ਤੇ ਲੈਬਨਾਨ ਦੇ ਆਮ ਲੋਕਾਂ ਦਾ ਅਣਮਨੁੱਖੀ ਘਾਣ, ਕੇਨੈਡੀਅਨ ਆਦਿਵਾਸੀ ਲੋਕਾਂ ਨਾਲ ਹੋਏ ਦੁਖਾਂਤ ਦਾ ਸੱਚ ਤੇ ਉਸ `ਤੇ ਮਲ੍ਹਮ ਲਾਉਣ ਲ਼ਈ ਮਨਾਇਆ ਜਾ ਰਿਹਾ ਦਿਵਸ (Truth & Reconciliation Day) ਬਾਰੇ ਚਰਚਾ ਕੀਤੀ ਗਈ, ਗੁਰਸ਼ਰਨ ਭਾਜੀ ਨੂੰ ਸ਼ਰਧਾਂਜਲੀਭੇਂਟ ਕੀਤੀ ਗਈ ਅਤੇ ਗੁਰਮੀਤ ਸਿੱਧੂ ਦਾ ਗ਼ਜ਼ਲ ਸੰਗ੍ਰਹਿ “ਪਿੰਡ ਤੋਂ ਬ੍ਰਹਿਮੰਡ” ਲੋਕ ਅਰਪਣ ਕੀਤਾ ਗਿਆ।

  

 ਕਾਫ਼ਲੇ ਦੇ ਸਟੇਜ ਸੰਚਾਲਕ ਕੁਲਵਿੰਦਰ ਖਹਿਰਾ ਨੇ ਮੀਟਿੰਗ ਦੇ ਸ਼ੁਰੂ ਵਿੱਚ ਇਜ਼ਰਾਈਲ ਵੱਲੋਂ ਲੈਬਨਾਨ ਉੱਤੇ ਲਸਤੀਨੀ ਹਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਬਹਾਨਾ ਬਣਾ ਕੇ ਜਾਂ ਇੱਕ ਧਿਰ ਨੂੰ ਨਿਸ਼ਾਨਾ ਬਣਾਉਣ ਖ਼ਾਤਰ ਆਮ ਲੋਕਾਂ ਨੂੰ ਮਾਰਿਆ ਜਾਣਾ ਤੇ ਕੈਨੇਡਾ ਅਮਰੀਕਾ ਵਰਗੀਆਂ ਵੱਡੀਆਂ ਧਿਰਾਂ ਦਾ ਚੁੱਪ ਰਹਿਣਾ ਬਹੁਤ ਹੀ ਦੁਖਦਾਈ ਗੱਲ ਹੈ। ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ ਤੇ ਲੇਖਕ ਹੋਣ ਦੇ ਨਾਤੇ ਸਾਨੂੰ ਇਸ ਖਿਲਾਫ਼ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਦੇ ਬਾਬੇ ਨਾਨਕ ਨੇ ਵੀ “ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦੁ ਨਾ ਆਇਆ” ਦਾ ਨਾਅਰਾ ਮਾਰਿਆ ਸੀ ਤੇ ਸਾਨੂੰ ਵੀ ਬਾਬੇ ਨਾਨਕ ਦੇ ਵਾਰਿਸ ਬਣਨਾ ਚਾਹੀਦਾ ਹੈ।

ਉਸ ਤੋਂ ਬਾਦ ਕੁਲਵਿੰਦਰ ਖਹਿਰਾ ਨੇ ਕੈਨੇਡਾ ਵਿੱਚ ਮਨਾਏ ਜਾ ਰਹੇ “Truth & Reconciliation Day” ਦੇ ਸਬੰਧ `ਚ ਬੋਲਦਿਆਂ ਸਲਾਇਡ ਸ਼ੋਅ ਰਾਹੀਂਦੱਸਿਕਿ ਕਿਵੇਂ ਕੈਨੇਡੀਅਨ ਸਰਕਾਰ ਵੱਲੋਂ ਬਹਾਨੇ ਨਾਲ਼ ਆਦਿਵਾਸੀ ਕੈਨੇਡੀਅਨਾਂ ਦੀ ਨਸਲਕੁਸ਼ੀ ਕਰਨ ਲਈ ਲਗਾਤਾਰ 120 ਸਾਲ ਦੇ ਕਰੀਬ ‘ਰੈਜੀਡੈਂਸ਼ਲ ਸਕੂਲ” ਦੇ ਪਰਦੇ ਹੇਠ ਕਹਿਰ ਢਾਹਿਆ ਗਿਆ ਤੇ ਇਸ ਨਮੋਸ਼ੀ `ਤੇ ਪਰਦਾ ਪਾਉਣ ਲਈ ਪਿਛਲੇਸਾਲਤੋਂ 30 ਸਤੰਬਰ ਨੂੰ Truth & Reconciliation Day ਮਨਾਇਆ ਜਾਣਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਆਦਿਵਾਸੀ ਲੋਕਾਂ ਦੇ ਕਲਚਰ ਅਤੇ ਭਾਸ਼ਾ ਨੂੰ ਖ਼ਤਮ ਕਰਨ ਦੇ ਮਨਸੂਬੇ ਨਾਲ ਕੇਨੈਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੋਨ ਏ. ਮੈਕਡੌਨਲਡ ਦੇ ਹੁਕਮਾਂ ਅਨੁਸਾਰ ਰੈਜੀਡੈਂਨਸ਼ਨ ਸਕੂਲਾਂ ਦਾ ਨਿਰਮਾਣ ਕੀਤਾ ਗਿਆ ਤੇ ਕੋਈ ਇੱਕ ਲੱਖ ਪੰਜਾਹ ਹਜ਼ਾਰ ਆਦਿਵਾਸੀ ਬੱਚਿਆਂ ਨੂੰ ਜ਼ਬਰਦਸਤੀ ਉਨ੍ਹਾਂ ਸਕੂਲਾਂ ਵਿੱਚ ਪਾਇਆ ਗਿਆ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਪਰਿਵਾਰ, ਧਰਮ, ਸੱਭਿਆਚਾਰ ਅਤੇ ਬੋਲੀ ਨਾਲ਼ੋਂ ਤੋੜ ਕੇ ਉਨ੍ਹਾਂ ਨੂੰ ਕੈਥੋਲਿਕ ਧਰਮ, ਅੰਗ੍ਰੇਜ਼ੀ ਭਾਸ਼ਾ ਅਤੇ ਪੱਛਮੀਂ ਸੱਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਤੇ ਆਪਣੀ ਭਾਸ਼ਾ ਵਿੱਚ ਗੱਲ ਕਰਨ `ਤੇ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ। ਬੱਚਿਆਂ ਦੇ ਵਾਲ ਕੱਟ ਦਿੱਤੇ ਜਾਂਦੇ ਤਾਂ ਕਿ ਉਹ ਹੀਣਭਾਵਨਾ ਮਹਿਸੂਸ ਕਰਨ ਕਿਉਂਕਿ ਆਦਿਵਾਸੀ ਸੱਭਿਆਚਾਰ ਵਿੱਚ ਔਰਤਾਂ ਵਾਲ਼ ਨਹੀਂ ਸਨ ਕੱਟਦੀਆਂ। ਬੱਚਿਆਂ ਦੇ ਨਾਵਾਂ ਨੂੰ ਖਤਮ ਕਰਕੇ ਉਨਾਂ ਨੂੰ ਨੰਬਰਾਂ ਨਾਲ ਬੁਲਾਇਆ ਜਾਂਦਾ, ਬਹੁਤ ਸਾਰੇ ਬੱਚੇ ਮਾਨਸਿਕ ਰੋਗੀ ਬਣੇ ਤੇ ਬਹੁਤ ਸਾਰੇ ਬੱਚਿਆਂ ਨੇ ਖ਼ੁਦਕੁਸ਼ੀ ਕੀਤੀ ਤੇ ਬਹੁਤ ਸਾਰੇ ਬੱਚੇ ਸਦਾ ਲਈ ਗਾਇਬ ਵੀ ਹੋ ਜਿਨ੍ਹਾਂ ਦੇ ਕੰਕਾਲ ਕੁਝ ਚਿਰ ਪਹਿਲਾਂ ਉਨ੍ਹਾਂ ਸਕੂਲਾਂ ਦੀਆਂ ਗਰਾਊਂਡਾਂ ਵਿੱਚੋਂ ਮਿਲ਼ੀਆਂ ਸਮੂਹਕ ਕਬਰਾਂ ਵਿੱਚੋਂ ਖੋਦੇ ਗਏ ਇਹ ਸਕੂਲ ਬੁਰੀ ਤਰ੍ਹਾਂ ਬਦਨਾਮ ਹੋਏ ਤੇ ਅਖੀਰ ਉਹ ਸਕੂਲ ਬੰਦ ਕਰਨੇ ਪਏ ਤੇ ਆਖ਼ਰੀ ਸਕੂਲ 1996 ਵਿੱਚ ਬੰਦ ਕੀਤਾ ਗਿਆ।
ਇਸ ਦੁਖਾਂਤ ਨੂੰ ਪੰਜਾਬ ਨਾਲ਼ ਜੋੜਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਆਦਿਵਾਸੀ ਬੱਚੇ ਤਾਂ ਜ਼ਬਰਦਸਤੀ ਉਨ੍ਹਾਂ ਸਕੂਲਾਂ ਵਿੱਚ ਭੇਜੇ ਗਏ ਸਨ, ਪਰ ਪੰਜਾਬ ਵਿੱਚ ਮਾਪੇ ਗਿਆਨਤਾਵੱਸ ਖੁ਼ਦ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਵਿੱਚ ਭੇਜਦੇ ਹਨ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਬੋਲਣ `ਤੇ ਜੁਰਮਾਨੇ ਕੀਤੇ ਜਾਂਦੇ ਤੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕੈਨੇਡਾ ਦੇ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਤਾਂ ਕਿ ਕਲ੍ਹ ਨੂੰ ਸਾਨੂੰ ਵੀ ਆਪਣੇ ਸੱਭਿਅਚਾਰ ਅਤੇ ਭਾਸ਼ਾ ਤੋਂ ਵਿਰਵੇ ਨਾ ਹੋਣਾ ਪੈ ਜਾਵੇ। ਜਰਨੈਲ ਸਿੰਘ ਕਹਾਣੀਕਾਰ ਨੇ ਆਦਿਵਾਸੀ ਲੋਕਾਂ ਨਾਲ ਹੋਏ ਦੁਖਾਂਤ ਬਾਰੇ  ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ 11 ਜੂਨ, 2008 ਵਿੱਚ ਕੇਨੈਡਾ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਇਸ ਦੁਖਾਂਤ ਦੀ ਮਾਫ਼ੀ ਮੰਗੀ। ਇਸੇ ਵਿਸ਼ੇ ਤੇ ਜਸਵਿੰਦਰ ਸੰਧੂ, ਰਛਪਾਲ ਕੌਰ ਗਿੱਲ ਤੇ ਇੰਦਰਦੀਪ ਸਿੰਘ ਨੇ ਆਪਣੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਕੌਮ ਦਾ ਕਲਚਰ, ਭਾਸ਼ਾ ਤੇ ਰੀਤੀ ਰਿਵਾਜ ਖਤਮ ਕਰਨੇ ਬਹੁਤ ਵੱਡੀ ਗੱਲ ਹੁੰਦੀ ਹੈ ਜਿਸ ਨੂੰ ਦੁਬਾਰਾ ਹਾਸਲ ਕਰਦਿਆਂ ਸਦੀਆ ਲੱਗ ਜਾਂਦੀਆਂ ਹਨ।  ਉਂਕਾਰਪ੍ਰੀਤ ਦੇ ਗਿਆਰਾਂ ਸਾਲ ਦੇ ਬੇਟੇ, ਮਾਹੀ ਸਿੰਘ ਨੇ ਇੱਕ ਛੋਟੀ ਜਿਹੀ ਕਹਾਣੀ ਰਾਹੀਂ ਬਹੁਤ ਵੱਡਾ ਸੁਨੇਹਾ ਦਿੱਤਾ ਕਿ ਕਿਵੇਂ ਸਕੂਲ ਸਿਸਟਮ ਤੁਹਾਡੀ ਭਾਸ਼ਾ, ਪਹਿਚਾਣ ਤੇ ਪਰਿਵਾਰਿਕ ਕਦਰਾਂ ਕੀਮਤਾਂ ਤੇ ਪ੍ਰਸ਼ਨ ਚਿੰਨ੍ਹ ਲਾ ਕੇ ਬੱਚਿਆਂ ਦੀ ਸੋਚ ਬਦਲ ਸਕਦਾ ਹੈ। ਪਿਆਰਾ ਸਿੰਘ ਕੁਦੋਵਾਲ ਨੇ ਕਿਹਾ ਕਿ ਸਾਨੂੰ ਇਜ਼ਰਾਈਲ ਵੱਲੋਂ ਕੀਤੇ ਹਮਲਿਆਂ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਨਾਲ਼ ਹੀ ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਉਣ ਤੇ ਮੁਫਤਖੋਰੀ ਵੱਲ ਲਾਏ ਜਾਣ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ਼ ਵਿਚਾਰਨਾ ਚਾਹੀਦਾ ਹੈ। 

ਭਾਜੀ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆ ਓਂਕਾਰਪ੍ਰੀਤ ਤੇ ਕਹਾਣੀਕਾਰ ਜਰਨੈਲ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਓਂਕਾਰਪ੍ਰੀਤ ਨੇ ਕਿਹਾ ਕਿ ਭਾਜੀ ਗੁਰਸ਼ਰਨ ਦੀ ਸਾਰੀ ਜ਼ਿੰਦਗੀ ਲੋਕਪੱਖੀ ਕਲਾ ਨੂੰ ਸਮਰਪਿਤ ਸੀ, ਪਿੰਡ ਪਿੰਡ ਜਾ ਕੇ ਉਹਨਾਂ ਨਾਟਕ ਕੀਤੇ ਤੇ ਨੁਕੜ ਨਾਟਕਾਂ ਦੀ ਸ਼ੁਰੂਆਤ ਕੀਤੀ। ਜਦੋਂ ਕੁਝ ਲੋਕਾਂ ਨੇ ਕਿਹਾ ਕਿ ਤੁਸੀਂ ਨਾਟਕਾਂ ਰਾਹੀਂ ਨਾਹਰਾ ਲਾਉਂਦੇ ਹੋ ਤਾਂ ਭਾਜੀ ਗੁਰਸ਼ਰਨ ਸਿੰਘ ਨੇ ਕਿਹਾ ਕਿ ਜੇਕਰ ਕਲਾ ਨੂੰ ਲੋਕਾਂ ਖ਼ਾਤਿਰ ਨਾਹਰਾ ਬਨਣਾ ਪਵੇ ਤਾਂ ਮੈਂ ਨਾਹਰਾ ਲਵਾਂਗਾ। ਇਸੇ ਤਰ੍ਹਾਂ ਜਰਨੈਲ ਸਿੰਘ ਕਹਾਣੀਕਾਰ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਨੇ 1962 ਵਿੱਚ ਅੰਮ੍ਰਿਤਸਰ ਵਿੱਖੇ ਨਾਟਕ ਕਲਾ ਕੇਂਦਰ ਸਥਾਪਿਤ ਕੀਤਾ। 1969 ਵਿੱਚ ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾ ਜਨਮ ਸ਼ਤਾਬਦੀ ਸਮੇਂ “ਜਿੰਨ ਸੱਚ ਪੱਲੇ ਹੋਇ” ਨਾਟਕ ਖੇਡਿਆ। ਭਾਜੀ ਸਰਕਾਰਾਂ ਤੋਂ ਡਰਨ ਵਾਲੇ ਨਹੀਂ ਸਨ, ਇੱਕ ਵਾਰ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਸ਼ਜਾ ਵੀ ਹੋਈ ਸੀ। ਦਹਿਸ਼ਤਵਾਦ ਦੇ ਦਿਨਾਂ ਵਿੱਚ ‘ਭਾਈ ਮੰਨਾ ਸਿੰਘਦੇ ਸਿਰਲੇਖ ਹੇਠ  ਲੰਮਾ ਸਮਾਂ ਚੱਲੇ ਟੀਵੀ ਸੀਰੀਅਲ ਤੋਂ ਬਾਦ ਭਾਜੀ ਦਾ ਨਾਂ ਹੀ ਭਾਈ ਮੰਨਾ ਸਿੰਘ ਪੈ ਗਿਆ। ਇੱਕ ਵਾਰ ਭਾਜੀ ਨੇ ਲੁਧਿਆਣੇ ਵਿੱਚ ਭਗਤ ਸਿੱਘ ਦੇ ਬੁੱਤ ਲਾਗੇ ਨਾਟਕ ਖੇਡਿਆ ਤੇ ਕਿਹਾ ਕਿ ਰਾਜਗੁਰੂ ਤੇ ਸੁਖਦੇਵ ਦਾ ਬੁੱਤ ਵੀ ਇੱਥੇ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਹਿਬ ਸਿੰਘ ਤੇ ਕੇਵਲ ਧਾਲੀਵਾਲ ਵਰਗੇ ਨਾਮਵਰ ਨਾਟਕਕਾਰਗੁਰਸ਼ਰਨ ਭਾਜੀ ਦੇ ਅਸ਼ੀਰਵਾਦ ਨਾਲ਼ ਹੀ ਪਰਵਾਨ ਚੜ੍ਹੇ ਹਨ। 

ਕੁਲਵਿੰਦਰ ਖਹਿਰਾ ਨੇ ਕਿਹਾ ਕਿ ਭਾਜੀ ਨੇ ਪਿੰਡ ਪਿੰਡ ਨਾਟਕ ਕਰਕੇ ਪੰਜਾਬੀਆਂ ਨੂੰ ਨਾਟਕ ਦੀ ਗੁੜ੍ਹਤੀ ਦਿੱਤੀ ਹੈ ਤੇ ਉਨ੍ਹਾਂ ਸਦਕਾ ਹੀ ਪੰਜਾਬੀ ਦਰਸ਼ਕ ਨਾਟਕ ਨਾਲ਼ ਜੁੜਿਆ ਹੈ।

ਇਸ ਤੋਂ ਬਾਦ ਗੁਰਮੀਤ ਸਿੱਧੂ ਦੀ ਕਿਤਾਬ ,”ਪਿੰਡ ਤੋਂ ਬ੍ਰਹਿਮੰਡ” ਰਲੀਜ਼ ਕੀਤੀ ਗਈ। ਇਸ ਕਿਤਾਬ ਤੇ ਲੇਖਕ ਬਾਰੇ ਬੋਲਦਿਆਂ ਸੁਰਜੀਤ ਕੌਰ ਨੇ ਕਿਹਾ ਕਿ ਇਹ ਗੁਰਮੀਤ ਸਿੱਧੂ ਪਲੇਠਾ ਗ਼ਜ਼ਲ ਸੰਗ੍ਰਹਿ ਹੈ। ਛੋਟੇ ਜਿਹੇ ਪਿੰਡ ਤੋਂ ਹੁੰਦਾ ਹੋਇਆ ਗੁਰਮੀਤ ਸਿੱਧੂ ਆਪਣੀਆਂ ਗ਼ਜ਼ਲਾਂ ਰਾਹੀਂ ਬ੍ਰਹਿਮੰਡ ਦੀ ਯਾਤਰਾ ਕਰਦਾ ਨਜ਼ਰ ਆਇਆ ਹੈ। ਉਸਨੇ ਕ੍ਰਿਸ਼ਨ ਭਨੋਟ ਕੋਲ਼ੋਂ ਅਰੂਜ ਤੇ ਪਿੰਗਲ ਦਾ ਅਧਿਐਨ ਕੀਤਾ। ਨਜ਼ਮਾਂ ਲਿਖਦਾ ਲਿਖਦਾ ਉਹ ਗ਼ਜ਼ਲ ਲਿਖਣ ਲੱਗ ਪਿਆ। ਉਸ ਦੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਵੀ ਸੁਰਜੀਤ ਕੌਰ ਨੇ ਸਾਂਝੇ ਕੀਤੇ। ਪਿਆਰਾ ਸਿੰਘ ਕੁਦੋਵਾਲ ਨੇ ਗੁਰਮੀਤ ਸਿੱਧੂ ਦੀ ਕਿਤਾਬ ਦੀਆਂ ਦੋ ਗ਼ਜ਼ਲਾਂ ਸਾਂਝੀਆਂ ਕੀਤੀਆ।

ਕੁਲਜੀਤ ਮਾਨ ਨੇ ਕਾਫ਼ਲੇ ਦੇ ਪੁਰਾਣੇ ਦਿਨਾਂ ਦੀ ਯਾਦ ਸਾਂਝੀ ਕਰਦਿਆਂ, ਕੁਲਵਿੰਦਰ ਖਹਿਰਾ ਦੀ ਕਾਫ਼ਲੇ ਪ੍ਰਤੀ ਸੁਹਿਰਦਤਾ ਦੀ ਸ਼ਲਾਘਾ ਕੀਤੀ ਤੇ ਤਿਆਰੀ ਅਧੀਨ‘ਸਿਸ਼ਕਤ ਨਾਰੀ ਕਿਤਾਬ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਤੋਂ ਬਾਦ ਕਵੀ ਦਰਬਾਰ ਵਿੱਚ ਓਂਕਾਰਪ੍ਰੀਤ, ਸੁਖਚਰਨਜੀਤ ਗਿੱਲ, ਗੁਰਦੇਵ ਚੌਹਾਨ, ਸੁਸ਼ਮਾ ਰਾਣੀ, ਜਸਵਿੰਦਰ ਸੰਧੂ, ਆਤਮਾ ਸਿੰਘ, ਪਰਮਜੀਤ ਦਿਓਲ, ਸੁਰਜੀਤ ਕੌਰ, ਪਿਆਰਾ ਸਿੰਘ ਕੁਦੋਵਾਲ, ਕੁਲਵਿੰਦਰ ਖਹਿਰਾ, ਨਰਦੇਵ ਸਿੰਘ ਤੇ ਹਰਜੋਤ ਕੌਰ ਨੇ ਆਪਣੀਆਂ ਆਪਣੀਆਂ ਨਜ਼ਮਾਂ, ਗ਼ਜ਼ਲਾਂ ਤੇ ਗੀਤਾਂ ਨਾਲ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਕ੍ਰਿਪਾਲ ਸਿੰਘ ਪੰਨੂੰ, ਰਾਵੀ ਮਨਹਾਸ, ਡਾ਼ ਗੁਰਚਰਨ ਸਿੰਘ ਤੂਰ, ਰਵਿੰਦਰ ਸਿੰਘ, ਕੁਲਜੀਤ, ਸਿਕੰਦਰ ਸਿੰਘ ਗਿੱਲ, ਗੁਰਪ੍ਰੀਤ ਬਟਾਲਵੀ, ਪ੍ਰਤੀਕ ਸਿੰਘ, ਗੁਰਦੇਵ ਸਿੰਘ ਮਾਨ, ਸੁਰਜੀਤ ਸਿੰਘ ਹਾਂਸ, ਪਰਿੰਸਪਾਲ ਸਿੰਘ, ਨਾਹਰ ਸਿੰਘ, ਸੁਰਿੰਦਰ ਸਿੰਘ, ਵਿਨੋਦ ਬਾਲੀ, ਸੁਭਾਸ਼ ਚੰਦਰਾ, ਜਸਰਾਜ ਸਿੰਘ, ਵਾਸਦੇਵ ਦੁਰਾਇਆ, ਹੀਰਾ ਲਾਲ ਅਗਨੀਹੋਤਰੀ, ਗੁਰਜਿੰਦਰ ਸੰਘੇੜਾ ਨੇ ਵੀ ਕਾਫ਼ਲੇ ਦੀ ਮੀਟਿੰਗ ਵਿੱਚ ਹਾਜ਼ਰੀ ਦਰਜ ਕਰਵਾਈ। 

ਅਖੀਰ ਤੇ ਕਾਫ਼ਲਾ ਸੰਚਾਲਕ ਰਛਪਾਲ ਕੌਰ ਗਿੱਲ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਬਾਕੀ ਤਸਵੀਰਾਂ ਰਾਹੀਂ:


 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸ਼ਹਿਰ ਵਿੱਚ ਨਿਰਮਾਣ ਅਧੀਨ ਇਮਾੲਤ `ਤੇ ਡਿੱਗੀ ਕ੍ਰੇਨ, ਕੋਈ ਜਾਨੀ ਨੁਕਸਾਨ ਨਹੀਂ ਓਂਟਾਰੀਓ ਦੇ ਮੋਟਰਸਾਈਕਲ ਚਾਲਕ ਨੇ 250 ਤੋਂ ਜਿ਼ਆਦਾ ਕੀਤੀ ਰਫ਼ਤਾਰ, ਬਣਾਇਆ ਵੀਡੀਓ, ਲੱਗੇ ਚਾਰਜਿਜ਼ ਬਰੈਂਪਟਨ ਦੇ ਦੂਜੇ ਸਾਲਾਨਾ ਦੀਵਾਲੀ ਮੇਲੇ `ਚ ਅੰਤਰਰਾਸ਼ਟਰੀ ਕਲਾਕਾਰ ਪਾਉਣਗੇ ਧਮਾਲਾਂ ਸਟਰੈਟਫੋਰਡ ਦੀ ਔਰਤ ਦੇ ਕਤਲ ਮਾਲਲੇ `ਚ ਇੱਕ ਮੁਲਜ਼ਮ ਗ੍ਰਿ਼ਫ਼ਤਾਰ ਮੈਰੀਕੈਨਾ ਫਰੈਂਡਸਿ਼ਪ ਸੀਨੀਅਰਜ਼ ਕਲੱਬ ਨੇ ਲਾਇਆ ਬਟਰਫਲਾਈ ਪਾਰਕ ਦਾ ਟਰਿਪ ਪੰਜਾਬੀ ਭਾਸ਼ਾ ਦੀ ਬੇਹਤਰੀ ਤੇ ਵਿਕਾਸ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਇੱਕ-ਦਿਨਾਂ ਸੈਮੀਨਾਰ 20 ਨੂੰ 'ਡੋਸਾ ਤੋਂ ਭੰਗੜਾ’ - ਫ਼ਲਾਵਰ ਸਿਟੀ ਫ਼ਰੈਂਡਜ਼ ਸੀਨੀਅਰਜ਼ ਕਲੱਬ ਦਾ ਕਿਊਬਾ ‘ਚ ਸੱਭਿਆਚਾਰ ਅਤੇ ਸਿਹਤ ਸੰਭਾਲ ਦਾ ਸ਼ਾਨਦਾਰ ਮੁਜ਼ਾਹਿਰਾ ਪ੍ਰੋ. ਕੁਲਬੀਰ ਸਿੰਘ ਦੀ ‘ਮੀਡੀਆ ਆਲੋਚਕ ਦੀ ਆਤਮਕਥਾ’ ਬਰੈਂਪਟਨ `ਚ ਹੋਏ ਸਮਾਗ਼ਮ ਦੌਰਾਨ ਕੀਤੀ ਗਈ ਲੋਕ-ਅਰਪਿਤ ਟੋਰਾਂਟੋ ਦੇ ਅਪਰ ਬੀਚ ਦੇ ਇਲਾਕੇ ਵਿਚ ਸਕੂਲ ਬਸ ਦੀ ਟੱਕਰ ਨਾਲ ਨੌਜਵਾਨ ਲੜਕੀ ਦੀ ਮੌਤ ਸਕਾਰਬੋਰੋ ਵਿੱਚ ਛੁਰੇਬਾਜ਼ੀ ਦੀ ਘਟਨਾ `ਚ ਇੱਕ ਵਿਅਕਤੀ ਗੰਭੀਰ ਜ਼ਖਮੀ