ਚੇਨੱਈ, 8 ਅਕਤੂਬਰ (ਪੋਸਟ ਬਿਊਰੋ): ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਭਾਰਤੀ ਹਵਾਈ ਫੌਜ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੁਨਰਗਠਿਤ ਕੀਤਾ ਜਾਵੇ ਕਿਉਂਕਿ ਦੁਨੀਆਂ ਦੀ ਸੁਰੱਖਿਆ ਦਾ ਮਾਹੌਲ ਲਗਾਤਾਰ ਬਦਲ ਰਿਹਾ ਹੈ। ਮੰਗਲਵਾਰ 92ਵੇਂ ਸਾਲਾਨਾ ਦਿਵਸ ਦੇ ਮੌਕੇ ਏਅਰ ਫੋਰਸ ਸਟੇਸ਼ਨ ਤੰਬਰਮ ਵਿਖੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੌਜੂਦਾ ਸੰਘਰਸ਼ਾਂ ਨੇ ਇਕ ਮਜ਼ਬੂਤ ਤੇ ਸਮਰੱਥ ਹਵਾਈ ਫੌਜ ਦੀ ਲੋੜ ਨੂੰ ਦਰਸਾਇਆ ਹੈ। ਇਸ ਲਈ ਭਾਰਤੀ ਹਵਾਈ ਫੌਜ ਨੂੰ ਰਾਸ਼ਟਰੀ ਹਿੱਤਾਂ ਨੂੰ ਚੁਣੌਤੀ ਦੇਣ ਵਾਲੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਲੀਕ ਤੋਂ ਹਟ ਕੇ ਨਵੀਨਤਮ ਤਕਨਾਲੋਜੀ ਨੂੰ ਅਪਣਾਉਣਾ ਅੱਜ ਦੇ ਬਹੁ-ਡੋਮੇਨ ਵਾਤਾਵਰਣ ’ਚ ਇਕ ਫੈਸਲਾਕੁੰਨ ਭੂਮਿਕਾ ਨਿਭਾਉਂਦਾ ਹੈ। ਅਮਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਹਵਾਈ ਫੌਜ ਨੇ ਆਪਣੀ ਸੰਚਾਲਨ ਸਮਰੱਥਾ ਨੂੰ ਮਜ਼ਬੂਤ ਕਰਨ, ਆਪਣੀ ਪੇਸ਼ੇਵਾਰਾਨਾ ਮੁਹਾਰਤ ਨੂੰ ਵਧਾਉਣ ਤੇ ਆਪਣੇ ਆਪ ਨੂੰ ਲਗਾਤਾਰ ਵਿਕਸਤ ਤੇ ਚੁਣੌਤੀਪੂਰਨ ਆਧੁਨਿਕ ਢੰਗ ਮੁਤਾਬਕ ਢਾਲਣ ਦੀ ਕੋਸਿ਼ਸ਼ ਕਰਨ ’ਚ ਅਹਿਮ ਪ੍ਰਗਤੀ ਕੀਤੀ ਹੈ।