ਟੋਰਾਂਟੋ, 8 ਅਕਤੂਬਰ (ਪੋਸਟ ਬਿਊਰੋ): ਪੁਲਿਸ ਨੇ ਦੱਸਿਆ ਕਿ ਨਾਰਥ ਯਾਰਕ ਵਿੱਚ ਸੋਮਵਾਰ ਰਾਤ ਨੂੰ ਗੋਲੀ ਲੱਗਣ ਨਾਲ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਟਰੇਥਵੇ ਅਤੇ ਬਲੈਕ ਕਰੀਕ ਡਰਾਈਵ ਕੋਲ ਹੋਈ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਸ ਇਲਾਕੇ ਵਿਚ ਉਨ੍ਹਾਂ ਨੂੰ ਗੋਲੀਬਾਰੀ ਦੀ ਸੂਚਨਾ ਰਾਤ 8:11 ਵਜੇ ਦੇ ਆਸਪਾਸ ਮਿਲੀ। ਘਟਨਾ ਸਥਾਨ `ਤੇ ਅਧਿਕਾਰੀਆਂ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ।
ਪੈਰਾਮੇਡਿਕਸ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ। ਥੋੜ੍ਹੀ ਦੇਰ ਬਾਅਦ ਪੁਲਿਸ ਨੇ ਦੱਸਿਆ ਕਿ ਪੀੜਤ ਨੇ ਦਮ ਤੋੜ ਦਿੱਤਾ ਅਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਸਥਾਨ `ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਡਿਊਟੀ ਇੰਸਪੈਕਟਰ ਸਕਾਟ ਸ਼ਟ ਨੇ ਕਿਹਾ ਕਿ
ਸਾਡੇ ਅਧਿਕਾਰੀ ਘਟਨਾ ਸਥਾਨ `ਤੇ ਹਨ, ਗਵਾਹਾਂ ਨਾਲ ਗੱਲ ਕਰ ਰਹੇ ਹਨ ਅਤੇ ਜਾਂਚ ਕਰ ਰਹੇ ਹਨ। ਇਹ ਜਾਂਚ ਦਾ ਸ਼ੁਰੂਆਤੀ ਪੜਾਅ ਹੈ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ 12 ਡਿਵੀਜਨ ਵਿੱਚ ਕ੍ਰਾਈਮ ਸਟਾਪਰਜ਼ ਨੂੰ ਕਾਲ ਕਰ ਸਕਦੇ ਹਨ।